ਤੁਹਾਨੂੰ ਦੱਸ ਦਿੰਦੇ ਹਾਂ ਕਿ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੇ ਘਰ ’ਤੇ ਇਨਕਮ ਟੈਕਸ ਦਾ ਸਰਵੇ ਖ਼ਤਮ ਹੋ ਗਿਆ ਹੈ। ਇਸ ਤੋਂ ਬਾਅਦ ਹੁਣ ਸੋਨੂੰ ਸੂਦ ਦੇ ਜੈਪੁਰ, ਲਖਨਊ ਤੇ ਨਾਗਪੁਰ ਸਥਿਤ ਘਰ ਤੇ ਦਫ਼ਤਰ ’ਚ ਆਈ. ਟੀ. ਟੀਮ ਨੇ ਸਰਵੇ ਸ਼ੁਰੂ ਕਰ ਦਿੱਤਾ ਹੈ। ਇਨਕਮ ਟੈਕਸ ਟੀਮ ਦੇ ਇਸ ਤਰ੍ਹਾਂ ਦੇ ਸਰਵੇ ਕਾਰਨ ਸੋਨੂੰ ਸੂਦ ਦੇ ਪ੍ਰਸ਼ੰਸਕ ਨਾਰਾਜ਼ ਦਿਖਾਈ ਦੇ ਰਹੇ ਹਨ।

ਦੱਸ ਦੇਈਏ ਕਿ ਸੋਨੂੰ ਸੂਦ ਦੇ ਘਰੋਂ ਇਨਕਮ ਟੈਕਸ ਦੀ ਟੀਮ ਲਗਾਤਾਰ ਦੂਜੇ ਦਿਨ ਸਰਵੇ ਕਰਨ ਤੋਂ ਬਾਅਦ ਦੇਰ ਰਾਤ ਲਗਭਗ ਸਾਢੇ 12 ਵਜੇ ਨਿਕਲ ਗਈ। ਪਿਛਲੇ ਦੋ ਦਿਨਾਂ ਤੋਂ ਇਨਕਮ ਟੈਕਸ ਦੇ ਅਧਿਕਾਰੀ ਸੋਨੂੰ ਸੂਦ ਦੇ ਮੁੰਬਈ ਸਥਿਤ ਘਰ ’ਚ ਸਰਵੇ ਕਰ ਰਹੇ ਸਨ। ਸੋਨੂੰ ਸੂਦ ਦੇ ਘਰ ’ਚ ਸਰਵੇ ਦੌਰਾਨ ਇਨਕਮ ਟੈਕਸ ਦੇ ਅਧਿਕਾਰੀਆਂ ਤੋਂ ਇਲਾਵਾ ਸੋਨੂੰ ਸੂਦ ਦਾ ਪੂਰਾ ਪਰਿਵਾਰ ਘਰ ’ਚ ਮੌਜੂਦ ਸੀ।

ਉੱਥੇ ਹੀ ਸੋਨੂੰ ਸੂਦ ਦੇ ਘਰੋਂ ਨਿਕਲਣ ਵਾਲੇ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਦੇ ਹੱਥ ’ਚ ਕੁਝ ਬੈਗ ਵੀ ਨਜ਼ਰ ਆਏ। ਹਾਲਾਂਕਿ ਅਜੇ ਤਕ ਇਹ ਸਾਫ ਨਹੀਂ ਹੋਇਆ ਹੈ ਕਿ ਇਨਕਮ ਟੈਕਸ ਦੇ ਅਧਿਕਾਰੀਆਂ ਨੂੰ ਸੋਨੂੰ ਸੂਦ ਦੇ ਘਰੋਂ ਕੁਝ ਹੱਥ ਲੱਗਾ ਹੈ ਜਾਂ ਨਹੀਂ। ਅਜਿਹੇ ’ਚ ਹੁਣ ਸੋਨੂੰ ਸੂਦ ਦੇ ਬਾਕੀ ਟਿਕਾਣਿਆਂ ’ਤੇ ਵੀ ਇਨਕਮ ਟੈਕਸ ਦੀ ਟੀਮ ਨੇ ਦਸਤਕ ਦੇ ਦਿੱਤੀ ਹੈ।
