ਖੇਤੀਬਾੜੀ

ਪੰਜਾਬ ਦੀਆਂ ਦਾਣਾ ਮੰਡੀਆਂ ‘ਚ ਕਣਕ ਦੀ ਨਵੀਂ ਫ਼ਸਲ ਦੀ ਆਮਦ ਸੁਸਤ

Published

on

ਖੰਨਾ / ਲੁਧਿਆਣਾ : ਪੰਜਾਬ ਦੀਆਂ ਦਾਣਾ ਮੰਡੀਆਂ ‘ਚ ਕਣਕ ਦੀ ਨਵੀਂ ਫ਼ਸਲ ਦੀ ਆਮਦ ਭਾਵੇਂ ਸ਼ੁਰੂ ਹੋ ਗਈ ਸੀ, ਪਰ ਅਜੇ ਮੰਡੀਆਂ ‘ਚ ਕਣਕ ਦੀ ਆਮਦ ਬਹੁਤ ਸੁਸਤ ਹੈ ਕਿਉਂਕਿ ਖੇਤਾਂ ‘ਚ ਖੜ੍ਹੀ ਕਣਕ ਨੂੰ ਪੱਕਣ ‘ਚ ਅਜੇ ਕੁਝ ਦਿਨ ਹੋਰ ਲੱਗਣਗੇ। ਅੱਜ ਸ਼ਾਮ ਤੱਕ 23 ਜ਼ਿਲਿਆਂ ‘ਚੋਂ ਸਿਰਫ਼ 2 ਜ਼ਿਲਿਆਂ ਪਟਿਆਲਾ ਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀਆਂ 4 ਮੰਡੀਆਂ ਰਾਜਪੁਰਾ, ਲਾਲੜੂ, ਬਨੂੜ ਤੇ ਖਰੜ ‘ਚ ਹੀ ਨਵੀਂ ਕਣਕ ਦੀਆਂ ਕੁਝ ਢੇਰੀਆਂ ਪੁੱਜੀਆਂ ਹਨ।

ਕੱਲ ਸ਼ਾਮ ਤੱਕ ਇਨ੍ਹਾਂ ਚਾਰਾ ਮੰਡੀਆਂ ‘ਚ ਕੁੱਲ 66 ਟਨ ਨਵੀਂ ਕਣਕ ਪੁੱਜੀ, ਜਿਸ ‘ਚੋਂ 27 ਟਨ ਸਰਕਾਰੀ ਖ਼ਰੀਦ ਏਜੰਸੀਆਂ ਵਲੋਂ ਖ਼ਰੀਦੀ ਗਈ। ਕੱਲ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ‘ਚ ਕਰੀਬ 25 ਕੁਇੰਟਲ ਪੁਰਾਣੀ ਕਣਕ ਪੁੱਜੀ, ਜੋ ਰਿਕਾਰਡ ਭਾਅ 2025 ਰੁਪਏ ਪ੍ਰਤੀ ਕੁਇੰਟਲ ਦੇ ਭਾਅ ਪ੍ਰਾਈਵੇਟ ਵਪਾਰੀਆਂ ਵਲੋਂ ਖਰੀਦੀ ਗਈ।

ਇਹ ਚਰਚਾ ਹੈ ਕਿ ਜੋ ਪੁਰਾਣੀ ਕਣਕ ਸਿੱਧੀ ਆਟਾ ਮਿੱਲਾਂ ‘ਚ ਜਾ ਰਹੀ ਹੈ, ਉਹ ਤਾਂ 2200 ਰੁਪਏ ਪ੍ਰਤੀ ਕੁਇੰਟਲ ਵਿਕਦੀ ਹੈ, ਪਰ ਮੰਡੀ ‘ਚ ਆਈ ਕਣਕ 2025 ਰੁਪਏ ਪ੍ਰਤੀ ਕੁਇੰਟਲ ਹੀ ਵਿਕੀ ਹੈ ਕਿਉਂਕਿ ਮੰਡੀ ‘ਚ ਆਈ ਕਣਕ ‘ਤੇ ਸਫ਼ਾਈ, ਢੁਆਈ ਤੋਂ ਇਲਾਵਾ ਆੜ੍ਹਤ ਤੇ ਮੰਡੀਕਰਨ ਬੋਰਡ ਦੇ ਖਰਚੇ ਵੀ ਪੈ ਜਾਂਦੇ ਹਨ, ਜੋ ਕੁੱਲ ਮਿਲਾ ਕੇ ਪ੍ਰਤੀ ਕੁਇੰਟਲ 100 ਰੁਪਏ ਤੋਂ ਉੱਪਰ ਬਣਦੇ ਹਨ।

ਗੌਰਤਲਬ ਹੈ ਕਿ ਪੰਜਾਬ ‘ਚ ਕਣਕ ਦੀ ਖ਼ਰੀਦ ਲਈ 1862 ਮੰਡੀਆਂ ਤੇ 458 ਆਰਜ਼ੀ ਯਾਰਡਾਂ ਨੂੰ ਮਿਲਾ ਕੇ ਕੁੱਲ 2320 ਮੰਡੀਆਂ ਕਣਕ ਦੀ ਖ਼ਰੀਦ ਲਈ ਨੋਟੀਫਾਈ ਕੀਤੀਆਂ ਗਈਆਂ ਹਨ |

Facebook Comments

Trending

Copyright © 2020 Ludhiana Live Media - All Rights Reserved.