ਲੁਧਿਆਣਾ : ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਵਿੱਚ ਵਿਦਿਅਕ ਸੰਸਥਾਵਾਂ ਦੀ ਮੌਜੂਦਾ ਸਥਿਤੀ ਅਤੇ ਆਉਣ ਵਾਲੇ ਭਵਿੱਖ ਉੱਤੇ ਵਿਚਾਰ ਵਟਾਂਦਰਾ ਕਰਨ ਸੰਬੰਧੀ ਇਕ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਐੱਸਜੀਪੀਸੀ ਦੇ ਅਧੀਨ ਆਉਂਦੇ ਕਾਲਜਾਂ ਦੇ ਪ੍ਰਿੰਸੀਪਲਾਂ, ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕਾਂ, ਪ੍ਰਮੁੱਖ ਗੁਰੂਦੁਆਰਿਆਂ ਦੇ ਪ੍ਰਬੰਧਕਾਂ ਨੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ।

ਇਸ ਦੌਰਾਨ ਬੀਬੀ ਜਗੀਰ ਕੌਰ, ਪ੍ਰਧਾਨ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਰੀਆਂ ਵਿਦਿਅਕ ਅਤੇ ਧਾਰਮਿਕ ਸੰਸਥਾਵਾਂ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਸਹੀ ਸੇਧ, ਪ੍ਰੇਰਣਾ ਅਤੇ ਕੈਰੀਅਰ ਵਿਚ ਨਿਪੁੰਨਤਾ ਹਾਸਲ ਹੋ ਸਕੇ।

ਇਸਦੇ ਨਾਲ ਨਾਲ ਉਹਨਾਂ ਚੰਗੇ ਸਮਾਜ ਦੀ ਸਿਰਜਣਾ ਲਈ ਨੌਜਵਾਨਾਂ ਵਿਚ ਨੈਤਿਕ ਕਦਰਾਂ ਕੀਮਤਾਂ ਪੈਦਾ ਕਰਨ ਦੀ ਸਖਤ ਲੋੜ ਦੀ ਗੱਲ ਕਹੀ। ਓਹਨਾਂ ਦੱਸਿਆ ਕਿ ਐੱਸਜੀਪੀਸੀ ਦੀਆਂ ਸੰਸਥਾਵਾਂ ਕੋਲ ਲੋੜੀਂਦੇ ਬੁਨਿਆਦੀ ਢਾਂਚੇ ਦੀ ਕੋਈ ਕਮੀ ਨਹੀਂ ਹੈ ਅਤੇ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।

ਹਰਜਿੰਦਰ ਸਿੰਘ ਧਾਮੀ, ਮੁੱਖ ਸਕੱਤਰ, ਐੱਸਜੀਪੀਸੀ, ਨੇ ਇਕੱਠ ਨੂੰ ਸੰਬੋਧਨ ਕਰਦਿਆਂ ਸਿੱਖ ਸੰਸਥਾਵਾਂ ਬਾਰੇ ਲੋਕਾਂ ਦੇ ਮਨਾਂ ਵਿਚ ਸਕਾਰਾਤਮਕਤਾ ਲਿਆਉਣ ਦੀ ਲੋੜ ਉੱਤੇ ਜ਼ੋਰ ਦਿੱਤਾ। ਇਸ ਮੌਕੇ ਸ.ਗੁਰਚਰਨ ਸਿੰਘ ਗਰੇਵਾਲ, ਮੈਂਬਰ, ਐੱਸਜੀਪੀਸੀ, ਨੇ ਮੰਚ ਦਾ ਸੰਚਾਲਨ ਕੀਤਾ।

ਇਸ ਮੌਕੇ ਸਕੂਲਾਂ ਅਤੇ ਕਾਲਜਾਂ ਵਿੱਚ ਨਵੇਂ ਭਰਤੀ ਹੋਏ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੀ ਦਿੱਤੇ ਗਏ। ਇੰਜ. ਸੁਖਮਿੰਦਰ ਸਿੰਘ, ਸਿੱਖਿਆ ਸਕੱਤਰ, ਐੱਸਜੀਪੀਸੀ, ਨੇ ਸਕੂਲਾਂ ਅਤੇ ਕਾਲਜਾਂ ਵਿੱਚ ਦਾਖਲੇ ਵਧਾਉਣ ਦੇ ਹੱਲ ਉੱਤੇ ਨਿਰੰਤਰ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਧਾਰਮਿਕ ਸ਼ਖਸ਼ੀਅਤਾਂ ਅਤੇ ਸਿੱਖਿਅਕ ਸ਼ਾਸਤਰੀਆਂ ਦੁਆਰਾ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਵਿਚਾਰਾਂ ਕਰਨ ਸੰਬੰਧੀ ਇਕ ਸੈਸ਼ਨ ਵੀ ਕਰਵਾਇਆ ਗਿਆ।

ਇੰਦਰਪਾਲ ਸਿੰਘ, ਡਾਇਰੈਕਟਰ, ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ, ਨੇ ਪੇਂਡੂ ਖੇਤਰਾਂ ਵਿੱਚ ਸਿੱਖਿਆ ਦੇ ਵਿਕਾਸ ਵਿੱਚ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਦੇ ਅਹਿਮ ਯੋਗਦਾਨ ਬਾਰੇ ਚਾਨਣਾ ਪਾਇਆ।

ਡਾ. ਸਹਿਜਪਾਲ ਸਿੰਘ, ਪ੍ਰਿੰਸੀਪਲ, ਜੀਐਨਈ, ਨੇ ਇਸ ਮੌਕੇ ਕਾਲਜ ਦੇ ਇੰਜੀਨੀਅਰਿੰਗ ਸਿੱਖਿਆ ਵਿੱਚ ਅਹਿਮ ਯੋਗਦਾਨ ਉੱਤੇ ਸਭ ਨਾਲ ਜਾਣਕਾਰੀ ਸਾਂਝੀ ਕੀਤੀ। ਐਨਐੱਸਈਟੀ ਦੇ ਟਰੱਸਟੀ ਮਹੇਸ਼ਇੰਦਰ ਸਿੰਘ ਗਰੇਵਾਲ, ਹਰਭਜਨ ਸਿੰਘ ਗਿਲ ਅਤੇ ਐੱਸਜੀਪੀਸੀ ਮੈਂਬਰ ਇਸ ਮੌਕੇ ਉਚੇਚੇ ਤੌਰ ਤੇ ਹਾਜ਼ਿਰ ਰਹੇ।