ਪੰਜਾਬ ਨਿਊਜ਼

ਸ਼੍ਰੀ ਅਮਰਨਾਥ ਯਾਤਰਾ : ਖ਼ਰਾਬ ਮੌਸਮ ਕਾਰਨ ਪੰਚਤਰਨੀ ’ਚ ਫਸੇ ਤਕਰੀਬਨ 8000 ਯਾਤਰੀ

Published

on

ਲੁਧਿਆਣਾ : 1 ਹਫ਼ਤਾ ਪਹਿਲਾਂ ਸ਼ੁਰੂ ਹੋਈ ਪਵਿੱਤਰ ਸ਼੍ਰੀ ਅਮਰਨਾਥ ਯਾਤਰਾ ਖ਼ਰਾਬ ਮੌਸਮ ਕਾਰਨ ਪਿਛਲੇ 2 ਦਿਨਾਂ ਤੋਂ ਰੁਕੀ ਹੋਈ ਹੈ। ਸ਼ੁੱਕਰਵਾਰ ਨੂੰ ਬਾਲਟਾਲ ਅਤੇ ਸ਼ੇਸ਼ਨਾਗ ਯਾਤਰਾ ਮਾਰਗ ਤੋਂ ਬਾਬਾ ਬਰਫ਼ਾਨੀ ਦੇ ਦਰਸ਼ਨ ਕਰਨ ਗਏ ਕਈ ਸ਼ਰਧਾਲੂ ਭਾਰੀ ਬਾਰਿਸ਼ ਕਾਰਨ ਅਜੇ ਵੀ ਪੰਚਤਰਨੀ ਦੇ ਰਸਤੇ ’ਚ ਫਸੇ ਹੋਏ ਹਨ।

ਬਾਬਾ ਬਰਫਾਨੀ ਦੇ ਦਰਸ਼ਨ ਕਰ ਕੇ ਵਾਪਸੀ ਸਮੇਂ ਯਾਤਰਾ ਬੰਦ ਹੋਣ ਕਾਰਨ ਪੰਚਤਰਨੀ ’ਚ ਫਸੇ ਸ਼੍ਰੀ ਅਮਰਨਾਥ ਯਾਤਰਾ ਭੰਡਾਰਾ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਰਾਜਨ ਕਪੂਰ ਨੇ ਦੱਸਿਆ ਕਿ ਪਿਛਲੇ 2 ਦਿਨਾਂ ਤੋਂ ਭਾਰੀ ਬਾਰਿਸ਼ ਕਾਰਨ ਯਾਤਰਾ ਰਸਤੇ ’ਚ ਕਈ ਜਗ੍ਹਾ ਤਿਲਕਣ ਹੋਣ ਕਾਰਨ ਕਈ ਥਾਵਾਂ ’ਤੇ ਚਿੱਕੜ ਜਮ੍ਹਾ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਥੇ ਰੁਕੇ ਯਾਤਰੀਆਂ ’ਚ ਕਈ ਤਾਂ ਦਰਸ਼ਨ ਕਰ ਕੇ ਵਾਪਸੀ ਕਰ ਰਹੇ ਸਨ, ਜਦਕਿ ਕਈਆਂ ਨੂੰ ਗੁਫਾ ਤੱਕ ਜਾਂਦੇ ਸਮੇਂ ਮੌਸਮ ਖਰਾਬ ਹੋਣ ਕਾਰਨ ਟੈਂਟਾਂ ’ਚ ਠਹਿਰਾਇਆ ਗਿਆ ਹੈ।

ਕਪੂਰ ਨੇ ਕਿਹਾ ਕਿ ਹੈਲੀਕਾਪਟਰ ਰਾਹੀਂ ਵੀ ਯਾਤਰਾ ਬੰਦ ਹੈ ਅਤੇ ਪੰਚਤਰਨੀ ’ਚ ਠੰਡ ਵੀ ਵਧ ਚੁੱਕੀ ਹੈ। ਹਾਲਾਂਕਿ ਸ਼੍ਰੀ ਅਮਰਨਾਥ ਯਾਤਰਾ ਸ਼੍ਰਾਈਨ ਬੋਰਡ ਦੇ ਅਧਿਕਾਰੀਆਂ ਦੀ ਟੀਮ ਪੰਚਤਰਨੀ ’ਚ ਯਾਤਰੀਆਂ ਨਾਲ ਸੰਪਰਕ ਵਿਚ ਹੈ ਅਤੇ ਇਥੇ ਲੱਗੇ ਭੰਡਾਰਿਆਂ ਨਾਲ ਉਨ੍ਹਾਂ ਦੇ ਖਾਣ-ਪੀਣ ਦੀ ਪੂਰੀ ਵਿਵਸਥਾ ਨਾਲ ਸਿਹਤ ਸਬੰਧੀ ਜਾਂਚ ਵੀ ਕਰ ਰਹੀ ਹੈ।

ਪੰਚਤਰਨੀ ’ਚ ਸ਼੍ਰੀ ਅਮਰਨਾਥ ਯਾਤਰਾ ਸ਼੍ਰਾਈਨ ਬੋਰਡ ਦੇ ਡਾਇਰੈਕਟਰ ਸ਼ੇਰ ਸਿੰਘ ਅਤੇ ਯਾਤਰਾ ਅਧਿਕਾਰੀ ਮਨੀਸ਼ ਆਨੰਦ ਐੱਸ. ਪੀ. ਪੁਲਸ ਨੇ ਦੱਸਿਆ ਕਿ ਤਕਰੀਬਨ 8 ਹਜ਼ਾਰ ਯਾਤਰੀਆਂ ਨੂੰ ਖਰਾਬ ਮੌਸਮ ਦੀ ਚਿਤਾਵਨੀ ਤਹਿਤ ਅਜੇ ਪੰਚਤਰਨੀ ’ਚ ਰੋਕਿਆ ਗਿਆ ਹੈ ਪਰ ਮੌਸਮ ਸਾਫ ਹੁੰਦੇ ਹੀ ਯਾਤਰਾ ਖੋਲ੍ਹ ਦਿੱਤੀ ਜਾਵੇਗੀ। ਹਾਲ ਦੀ ਘੜੀ ਬੋਰਡ ਦੀਆਂ ਟੀਮਾਂ ਟੈਂਟਾਂ ’ਚ ਰੁਕੇ ਯਾਤਰੀਆਂ ਤੋਂ ਉਨ੍ਹਾਂ ਦਾ ਹਾਲ ਜਾਣ ਰਹੀਆਂ ਹਨ। ਟੀਮਾਂ ਲਗਾ ਕੇ ਰਸਤਾ ਸਾਫ ਕਰਵਾਇਆ ਜਾ ਰਿਹਾ ਹੈ।

Facebook Comments

Trending

Copyright © 2020 Ludhiana Live Media - All Rights Reserved.