ਪੰਜਾਬੀ

ਸ਼ਾਹ ਚਮਨ ਯਾਦਗਾਰੀ ਪੁਰਸਕਾਰ 2021 ਪਾਕਿਸਤਾਨੀ ਪੰਜਾਬੀ ਸ਼ਾਇਰਾ ਤਾਹਿਰਾ ਸਰਾ ਨੂੰ ਪ੍ਰਦਾਨ

Published

on

ਲੁਧਿਆਣਾ : ਪੰਜਾਬੀ ਸ਼ਾਇਰਾ ਤਾਹਿਰਾ ਸਰਾ ਨੂੰ ਪ੍ਰਸਿੱਧ ਪੰਜਾਬੀ ਲੇਖਕ ਦੇ ਪਰਿਵਾਰ ਵੱਲੋਂ ਸਥਾਪਿਤ ਸ਼ਾਹ ਚਮਨ ਯਾਦਗਾਰੀ ਪੁਰਸਕਾਰ ਉਨ੍ਹਾਂ ਦੀ ਅਠਵੀਂ ਬਰਸੀ ਮੌਕੇ ਪਾਕਿ ਹੈਰੀਟੇਜ ਹੋਟਲ ਲਾਹੌਰ (ਪਾਕਿਸਤਾਨ) ਦੇ ਹਾਲ ਵਿੱਚ 31ਵੀਂ ਵਿਸ਼ਵ ਪੰਜਾਬੀ ਅਮਨ ਕਾਨਫਰੰਸ ਦੇ ਸਮੂਹ ਡੈਲੀਗੇਟਸ ਤੇ ਪਾਕਿਸਤਾਨ ਵੱਸਦੇ ਲੇਖਕਾਂ ਦੀ ਹਾਜ਼ਰੀ ਵਿੱਚ ਪ੍ਰਦਾਨ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਵਿਸ਼ਵ ਪੰਜਾਬੀ ਕਾਂਗਰਸ ਦੀ ਭਾਰਤੀ ਇਕਾਈ ਦੇ ਪ੍ਰਧਾਨ ਡਾ ਦੀਪਕ ਮਨਮੋਹਨ ਸਿੰਘ ਸਮੇਤ ਪ੍ਰਧਾਨਗੀ ਮੰਡਲ ਵਿੱਚ ਬਾਬਾ ਨਜ਼ਮੀ, ਗੁਰਭਜਨ ਸਿੰਘ ਗਿੱਲ ਦਲਜੀਤ ਸਿੰਘ ਸਰਾਂ, ਸਤੀਸ਼ ਗੁਲਾਟੀ ਅਤੇ ਡਾਃ ਸੁਲਤਾਨਾ ਬੇਗਮ ਸ਼ਾਮਿਲ ਹੋਏ।

ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਗਿੱਲ ਨੇ ਸ਼ਾਹ ਚਮਨ ਜੀ ਬਾਰੇ ਉਨ੍ਹਾਂ ਨਾਲ ਗੁਜ਼ਾਰੇ ਹੋਏ ਪਲਾਂ ਦੀ ਵੇਰਵੇ ਸਹਿਤ ਆਪਣੀ ਨੇੜਤਾ ਤੇ ਸਿਰਜਣਸ਼ੀਲਤਾ ਦਾ ਖੂਬਸੂਰਤ ਸ਼ਬਦਾਂ ਵਿੱਚ ਜ਼ਿਕਰ ਕਰ ਕੇ ਸਭ ਨੂੰ ਭਾਵੁਕਤਾ ਦੇ ਵਹਿਣ ਵਿੱਚ ਪਾਇਆ। ਸ਼ਾਹ ਚਮਨ ਜੀ ਦੇ ਵੱਡੇ ਸਪੁੱਤਰ ਤੇ ਪੰਜਾਬੀ ਸ਼ਾਇਰ ਸਤੀਸ਼ ਗੁਲਾਟੀ ਨੇ ਦੱਸਿਆ ਕਿ ਸ਼ਾਹ ਚਮਨ ਯਾਦਗਾਰੀ ਪੁਰਸਕਾਰ ਪਿਛਲੇ ਸੱਤ ਸਾਲ ਤੋਂ ਭਾਰਤੀ ਪੰਜਾਬ ਵਿੱਚ ਹਰ ਸਾਲ 50 ਸਾਲ ਤੋਂ ਘੱਟ ਉਮਰ ਵਾਲੇ ਕਿਸੇ ਇੱਕ ਸਮਰੱਥ ਲੇਖਕ ਨੂੰ ਦਿੱਤਾ ਜਾਂਦਾ ਹੈ।

ਤਾਹਿਰ ਸਰਾ ਨੇ ਆਪਣੇ ਜੀਵਨ ਅਤੇ ਆਪਣੀ ਸ਼ਾਇਰੀ ਬਾਰੇ ਵਿਸਥਾਰ ਸਹਿਤ ਗੱਲ ਬਾਤ ਦਾ ਸਿਲਸਲਾ ਅੱਗੇ ਤੋਰਦਿਆਂ ਆਪਣੀਆਂ ਗ਼ਜ਼ਲਾਂ ਕਵਿਤਾਵਾਂ ਤੇ ਬੋਲੀਆਂ ਨਾਲ ਸਰੋਤਿਆਂ ਨੂੰ ਸਰਸ਼ਾਰ ਕੀਤਾ। ਇਸ ਮੌਕੇ ਤਾਹਿਰਾ ਸਰਾ ਦੀ ਕਾਵਿ ਕਿਤਾਬ ਸ਼ੀਸ਼ਾ ਦਾ ਦੂਜਾ ਐਡੀਸ਼ਨ ਰਿਲੀਜ਼ ਕੀਤਾ ਗਿਆ। ਸ਼ਾਹ ਚਮਨ ਯਾਦਗਾਰੀ ਕਵੀ ਦਰਬਾਰ ਵਿੱਚ ਹਿੰਦ ਪਾਕਿ ਦੇ ਚੋਣਵੇਂ ਕਵੀਆਂ ਬਾਬਾ ਨਜਮੀ,ਗੁਰਤੇਜ ਕੁਹਾਰਵਾਲਾ,ਤਰਸਪਾਲ ਕੌਰ,ਸਤੀਸ਼ ਗੁਲਾਟੀ,ਡਾਃ ਸੁਲਤਾਨਾ ਬੇਗ਼ਮ, ਹਰਵਿੰਦਰ ਚੰਡੀਗੜ੍ਹ,ਸਹਿਜਪ੍ਰੀਤ ਸਿੰਘ ਮਾਂਗਟ. ਤ੍ਰਲੋਕਬੀਰ ਅਮਰੀਕਾ,ਦਰਸ਼ਨ ਬੁਲੰਦਵੀ ਤੇ ਅਜ਼ੀਮ ਸ਼ੇਖਰ ਯੂ ਕੇ, ਅਮਨਦੀਪ ਫੱਲੜ੍ਹ ਨੇ ਕਵਿਤਾਵਾਂ ਸੁਣਾਈਆਂ।

 

Facebook Comments

Trending

Copyright © 2020 Ludhiana Live Media - All Rights Reserved.