ਪੰਜਾਬੀ

ਸੀਨੀਅਰ ਸਿਟੀਜ਼ਨ ਕਿਸੇ ਵੀ ਸਮਾਜ ਦਾ ਧੁਰਾ ਹੁੰਦੇ ਹਨ : ਵਾਈਸ ਚਾਂਸਲਰ

Published

on

ਬੀਤੇ ਦਿਨੀਂ ਬਜ਼ੁਰਗਾਂ ਦੇ ਅੰਤਰਰਾਸ਼ਟਰੀ ਦਿਹਾੜੇ ਦੇ ਪ੍ਰਸੰਗ ਵਿਚ ਲੁਧਿਆਣਾ ਦੀ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਨੇ ਐੱਸ ਸੀ ਡਬਲਯੂ ਏ ਹੋਮ ਵਿਚ ਇਕ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ| ਇਸ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਸ਼ਾਮਿਲ ਹੋਏ ਜਦਕਿ ਸਮਾਗਮ ਵਿਚ ਕੁੰਜੀਵਤ ਭਾਸ਼ਣ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਦਿੱਤਾ|

ਡਾ. ਗੋਸਲ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਸੀਨੀਅਰ ਸਿਟੀਜ਼ਨ ਕਿਸੇ ਸਮਾਜ ਦੀ ਧੁਰੀ ਹੁੰਦੇ ਹਨ ਅਤੇ ਉਹਨਾਂ ਦੇ ਤਜਰਬੇ ਨਾਲ ਸਮਾਜ ਨੂੰ ਆਪਣੀ ਦਿਸ਼ਾ ਨਿਰਧਾਰਤ ਕਰਨ ਵਿਚ ਸਹਾਇਤਾ ਮਿਲਦੀ ਹੈ| ਜਿਹੜੇ ਸਮਾਜ ਆਪਣੇ ਤਜਰਬੇਕਾਰ ਵਿਅਕਤੀਆਂ ਦੇ ਅਨੁਭਵਾਂ ਦਾ ਸਨਮਾਨ ਕਰਦੇ ਹਨ ਉਹਨਾਂ ਕੋਲ ਭਵਿੱਖ ਵਿੱਚ ਚੰਗੀਆਂ ਕਦਰਾਂ-ਕੀਮਤਾਂ ਵਾਲੀ ਪੀੜ੍ਹੀ ਦਾ ਨਿਰਮਾਣ ਹੁੰਦਾ ਹੈ|

ਡਾ. ਗੋਸਲ ਨੇ ਸੀਨੀਅਰ ਸਿਟੀਜਨਾਂ ਨੂੰ ਵੀ ਆਪਣੀ ਖੁਰਾਕ ਅਤੇ ਰੋਜ਼ਾਨਾਂ ਰੁਝੇਵਿਆਂ ਨੂੰ ਇਸ ਤਰ੍ਹਾਂ ਵਿਉਂਤਣ ਲਈ ਕਿਹਾ ਕਿ ਉਹ ਕਿ ਉਹ ਨਵੀਆਂ ਪੀੜੀਆਂ ਸਾਹਮਣੇ ਆਦਰਸ਼ ਬਣ ਸਕਣ| ਇਸ ਦੇ ਨਾਲ ਹੀ ਉਹਨਾਂ ਨੇ ਜ਼ਿੰਦਗੀ ਵਿਚ ਹਾਂ ਪੱਖੀ ਰਵੱਈਆ ਧਾਰਨ ਕਰਨ ਅਤੇ ਹਮੇਸ਼ਾ ਉਸਾਰੂ ਬਣੇ ਰਹਿਣ ਦੇ ਨੁਕਤੇ ਵੀ ਦੱਸੇ|

ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਪਰਿਵਾਰ ਅਤੇ ਸਮਾਜ ਨੂੰ ਸਿਹਤਮੰਦ ਤਰੀਕੇ ਨਾਲ ਚਲਾਉਣ ਵਿਚ ਸੀਨੀਅਰ ਲੋਕਾਂ ਦੀ ਮਹੱਤਤਾ ਬੜੀ ਅਹਿਮ ਹੈ| ਉਹਨਾਂ ਨੇ ਕਿਹਾ ਕਿ ਉਮਰ ਦਰਾਜ਼ ਲੋਕਾਂ ਨੂੰ ਕਦੇ ਵੀ ਆਪਣੇ ਆਪ ਨੂੰ ਵੇਲਾ ਵਿਹਾਅ ਚੁੱਕੇ ਨਹੀਂ ਸਮਝਣਾ ਚਾਹੀਦਾ ਬਲਕਿ ਹਮੇਸ਼ਾ ਇਸ ਨਜ਼ਰੀਏ ਨਾਲ ਜੀਣਾ ਚਾਹੀਦਾ ਹੈ ਕਿ ਅਜੇ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ|

ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀਮਤੀ ਨੀਲਮ ਖੋਸਲਾ ਨੇ ਸਵਾਗਤੀ ਸ਼ਬਦ ਕਹੇ ਜਦਕਿ ਐਸੋਸੀਏਸ਼ਨ ਦੇ ਚੇਅਰਮੈਂਨ ਇੰਜ. ਬਲਵੀਰ ਸਿੰਘ, ਡਾ. ਡੀ ਆਰ ਭੱਟੀ, ਸ਼੍ਰੀ ਐੱਸ ਪੀ ਕਰਕਰਾ ਅਤੇ ਡਾ. ਆਈ ਐੱਮ ਛਿੱਬਾ ਨੇ ਵੀ ਸੰਬੋਧਨ ਕੀਤਾ| ਅੰਤ ਵਿਚ ਧੰਨਵਾਦ ਦੇ ਸ਼ਬਦ ਐਸੋਸੀਏਸ਼ਨ ਦੇ ਉੱਪ ਪ੍ਰਧਾਨ ਸ਼੍ਰੀ ਆਰ ਐੱਸ ਬਹਿਲ ਨੇ ਕਹੇ| ਅੰਤ ਵਿਚ 85 ਸਾਲ ਤੋਂ ਵਧੇਰੇ ਉਮਰ ਵਾਲੇ ਐਸੋਸੀਏਸ਼ਨ ਮੈਂਬਰਾਂ ਦਾ ਸਨਮਾਨ ਕੀਤਾ ਗਿਆ|

Facebook Comments

Trending

Copyright © 2020 Ludhiana Live Media - All Rights Reserved.