ਪੰਜਾਬੀ

ਰਾਮਗੜ੍ਹੀਆ ਗਰਲਜ਼ ਕਾਲਜ ਵਿਖੇ ਪਾਏ ਗਏ ਸਹਿਜ ਪਾਠ ਦੇ ਭੋਗ

Published

on

ਲੁਧਿਆਣਾ : ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਵਿਖੇ ਵਿਦਿਅਕ ਵਰ੍ਹੇ 2021 -2022 ਦੀ ਸੰਪੂਰਨਤਾ ‘ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਹਿੱਤ ਕਾਲਜ ਵਿਖੇ ਆਰੰਭ ਕੀਤੇ ਗਏ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ।

ਸੰਪੰਨਤਾ ਦਿਵਸ ਦੇ ਸ਼ੁਭ ਮੌਕੇ ਕਾਲਜ ਪਹੁੰਚੇ ਭਾਈ ਬਖਸ਼ੀਸ਼ ਸਿੰਘ (ਹਜੂਰੀ ਰਾਗੀ ਜਵੱਦੀ ਟਕਸਾਲ) ਦਾ ਕਾਰਜਕਾਰੀ ਪ੍ਰਿੰਸੀਪਲ ਡਾ. ਰਾਜੇਸ਼ਵਰਪਾਲ ਕੌਰ ਅਤੇ ਰਾਮਗੜ੍ਹੀਆ ਐਜ਼ੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ.ਰਣਜੋਧ ਸਿੰਘ ਨੇ ਨਿੱਘਾ ਸਵਾਗਤ ਕੀਤਾ। ਬਾਬਾ ਗੁਰਮੁਖ ਸਿੰਘ ਹਾਲ ਵਿੱਚ ਜੁੜੀ ਸੰਗਤ ਵਿੱਚ ਕਾਲਜ ਦੇ ਸੰਗੀਤ ਵਿਭਾਗ ਦੀਆਂ ਵਿਦਿਆਰਥਣਾਂ ਨੇ ਕੀਰਤਨ ਕੀਤਾ। ਉਪਰੰਤ ਭਾਈ ਬਖਸ਼ੀਸ਼ ਸਿੰਘ ਜੀ ਨੇ ਤੰਤੀ ਸਾਜਾਂ ਨਾਲ ਆਪਣੇ ਰਸ ਭਿੰਨੇਂ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।

ਪੰਜਾਬ ਯੂਨਵਰਸਿਟੀ ਚੰਡੀਗੜ੍ਹ ਦੁਆਰਾ ਸ਼ੁਰੂ ਹੋਣ ਵਾਲੀਆਂ ਪ੍ਰੀਖਿਆਵਾਂ ਵਿੱਚ ਵਿਦਿਆਰਥੀਆਂ ਦੀ ਸਫ਼ਲਤਾ ਦੇ ਲਈ ਅਰਦਾਸ ਕੀਤੀ ਗਈ। ਭਾਈ ਸਾਹਿਬ ਨੇ ਆਉਣ ਵਾਲੇ ਸਮੇਂ ਲਈ ਵਿਦਿਆਰਥਣਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਪ੍ਰਿੰ. ਡਾ.ਰਾਜੇਸ਼ਵਰਪਾਲ ਕੌਰ ਨੇ ਕਾਲਜ ਦੀਆਂ ਪ੍ਰਾਪਤੀਆਂ ਦਾ ਵਰਨਣ ਕਰਦੇ ਹੋਏ ਵਿਦਿਅਰਥਣਾਂ ਨੂੰ ਆਉਣ ਵਾਲੇ ਸਮੇਂ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਪਰਮਾਤਮਾ ਦੀ ਛਤਰ ਛਾਇਆ ਹੇਠ ਮਿਹਨਤ, ਲਗਨ ਅਤੇ ਅਧਿਆਪਕਾਂ ਦੇ ਦੱਸੇ ਰਸਤੇ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਵਿਦਿਆਰਥਣਾਂ ਸਫ਼ਲਤਾ ਪ੍ਰਾਪਤ ਕਰ ਕੇ ਆਪਣੀ ਮੰਜ਼ਿਲ ਨੂੰ ਹਾਸਲ ਕਰਨ।

ਇਸ ਅਵਸਰ ‘ਤੇ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ.ਰਣਜੋਧ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਲੜਕੀਆਂ ਦਾ ਸਿੱਖਿਅਕ ਹੋਣਾ ਬਹੁਤ ਜਰੂਰੀ ਹੈ,ਇੱਕ ਪੜ੍ਹੀ-ਲਿਖੀ ਔਰਤ ਅਪਣਾ ਅਤੇ ਅਪਣੇ ਪਰਿਵਾਰ ਦਾ ਪਾਲਣ -ਪੋਸ਼ਣ ਵਧੀਆ ਢੰਗ ਨਾਲ ਕਰ ਸਕਦੀ ਹੈ, ਘਰ ਨੂੰ ਸੰਭਾਲਣ ਦੇ ਨਾਲ -ਨਾਲ ਪੜ੍ਹੀ ਲਿਖੀ ਕੁੜੀ ਚੰਗੀ ਨੌਕਰੀ ਕਰਕੇ ਆਤਮ ਨਿਰਭਰ ਹੋ ਕੇ ਅਪਣੇ ਪਰਿਵਾਰ ਦਾ ਜੀਵਨ ਸੁਖੀ ਬਣਾ ਸਕਦੀ ਹੈ।

ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਜਨਰਲ ਸਕੱਤਰ ਸ. ਗੁਰਚਰਨ ਸਿੰਘ ਲੋਟੇ ਨੇ ਵਿਦਿਆਰਥਣਾਂ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਪਰਮਾਤਮਾ ਵਿੱਚ ਅਟੁੱਟ ਵਿਸ਼ਵਾਸ ਰੱਖਦੇ ਹੋਇਆਂ ਅਪਣੇ ਇਮਤਿਹਾਨਾਂ ਵਿਚ ਕਾਮਯਾਬੀ ਹਾਸਲ ਕਰਨ। ਇਸ ਸ਼ੁੱਭ ਮੌਕੇ ‘ਤੇ ਵੱਖ ਵੱਖ ਰਾਮਗੜ੍ਹੀਆ ਵਿੱਦਿਅਕ ਸੰਸਥਾਵਾਂ ਦੇ ਪ੍ਰਿੰਸੀਪਲ ਸਹਿਬਾਨ ਵੀ ਸ਼ਾਮਲ ਹੋਏ । ਅੰਤ ਵਿਚ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਗਿਆ।

Facebook Comments

Trending

Copyright © 2020 Ludhiana Live Media - All Rights Reserved.