ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੇਤੀ ਮਾਹਿਰਾਂ ਵਲੋਂ ਅੱਜ ਪੀ.ਏ.ਯੂ ਕਿਸਾਨ ਕਲੱਬ ਦੇ ਮਹੀਨਾਵਾਰ ਸਿਖਲਾਈ ਕੈਂਪ ਦੌਰਾਨ ਗਰਮੀਆਂ ਦੀਆਂ ਸਬਜ਼ੀਆਂ ਦੀ ਕਾਸ਼ਤ, ਦਾਲਾਂ ਦੀ ਕਾਸ਼ਤ ਅਤੇ ਦੁਧਾਰੂ ਪਸ਼ੂਆਂ ਦੇ ਪ੍ਰਬੰਧਨ ਬਾਰੇ ਕਿਸਾਨਾਂ ਨਾਲ ਵਿਚਾਰ-ਚਰਚਾ ਕੀਤੀ ਗਈ। ਇਹ ਕੈਂਪ ਯੂਨੀਵਰਸਿਟੀ ਦੇ ਡਾਇਰੈਕਟਰ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਦੀ ਪ੍ਰੇਰਨਾ ਸਦਕਾ ਆਯੋਜਿਤ ਕੀਤਾ ਗਿਆ ।
ਸਵਾਗਤੀ ਸ਼ਬਦਾਂ ਦੌਰਾਨ ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ. ਕੁਲਦੀਪ ਸਿੰਘ ਨੇ ਕਿਹਾ ਕਿ ਪੀ.ਏ.ਯੂ. ਕਿਸਾਨ ਕਲੱਬ ਵੱਲੋਂ 1965 ਵਿੱਚ ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਲੈਕਚਰਾਂ, ਵਿਚਾਰ-ਵਟਾਂਦਰੇ, ਪ੍ਰਦਰਸ਼ਨਾਂ ਅਤੇ ਖੇਤ ਦੌਰਿਆਂ ਦਾ ਲਾਭ ਉਠਾਇਆ ਹੈ। ਇਸ ਸਮੇਂ ਇਸਦੀ ਮੈਂਬਰਸ਼ਿਪ 7,000 ਨੂੰ ਪਾਰ ਕਰ ਚੁੱਕੀ ਹੈ। 
ਪੀ.ਏ.ਯੂ. ਦੇ ਵਿਸ਼ਾ-ਵਿਸ਼ੇਸ਼ ਮਾਹਿਰਾਂ ਵਿੱਚ ਸੀਨੀਅਰ ਸਬਜ਼ੀ ਵਿਗਿਆਨੀ ਡਾ. ਕੁਲਵੀਰ ਸਿੰਘ, ਖੇਤੀ ਵਿਗਿਆਨੀ (ਸੋਇਆਬੀਨ) ਡਾ. ਹਰਪ੍ਰੀਤ ਕੌਰ ਅਤੇ ਐਕਸਟੈਂਸ਼ਨ ਸਪੈਸ਼ਲਿਸਟ (ਪਸ਼ੂ ਵਿਗਿਆਨ) ਡਾ. ਮਧੂ ਸ਼ੈਲੀ ਨੇ ਆਪਣੇ ਵਿਚਾਰ ਸਾਂਝੇ ਕੀਤੇ । ਪਸਾਰ ਵਿਗਿਆਨੀ ਡਾ. ਲਵਲੀਸ਼ ਗਰਗ ਨੇ ਪ੍ਰੋਗਰਾਮ ਦਾ ਸੰਚਾਲਨ ਕੀਤਾ ਅਤੇ ਪੀ.ਏ.ਯੂ. ਕਿਸਾਨ ਕਲੱਬ ਦੇ ਪ੍ਰਧਾਨ ਅਮਰਿੰਦਰ ਸਿੰਘ ਪੂਨੀਆ ਨੇ ਧੰਨਵਾਦ ਦੇ ਸ਼ਬਦ ਕਹੇ ।