ਖੇਤੀਬਾੜੀ

ਪਾਣੀ ਤੇ ਪਰਾਲੀ ਦੀ ਸੰਭਾਲ ਕਰਕੇ ਵਿਗਿਆਨਕ ਖੇਤੀ ਸੰਭਵ ਹੋਵੇਗੀ-ਡਾ. ਇੰਦਰਬੀਰ ਸਿੰਘ ਨਿੱਜਰ

Published

on

ਪੀ.ਏ.ਯੂ ਦੇ ਕਿ੍ਸ਼ੀ ਵਿਗਿਆਨ ਕੇਂਦਰ ਨਾਗ ਕਲਾਂ ਵਿਚ ਹਾੜ੍ਹੀ ਦੀਆਂ ਫਸਲਾਂ ਲਈ ਕਿਸਾਨ ਮੇਲਾ ਲਾਇਆ ਗਿਆ। ਇਸ ਮੇਲੇ ਦੇ ਮੁੱਖ ਮਹਿਮਾਨ ਸਥਾਨਕ ਸਰਕਾਰਾਂ ਬਾਰੇ ਪੰਜਾਬ ਦੇ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਸਨ ਜਦ ਕਿ ਮੇਲੇ ਦੀ ਪ੍ਰਧਾਨਗੀ ਪੀ.ਏ.ਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ।
ਡਾ. ਇੰਦਰਬੀਰ ਸਿੰਘ ਨਿੱਜਰ ਨੇ ਇਸ ਮੌਕੇ ਆਪਣੇ ਭਾਸ਼ਣ ਵਿਚ ਕਿਹਾ ਕਿ ਉਹਨਾਂ ਨੂੰ ਨਵੇਂ ਵਾਈਸ ਚਾਂਸਲਰ ਦੀ ਚੋਣ ਉੱਪਰ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ । ਉਨ੍ਹਾਂ ਕਿਹਾ ਕਿ ਪਰਾਲੀ ਅਤੇ ਪਾਣੀ ਦੀ ਸੰਭਾਲ ਅਜੋਕੇ ਸਮੇਂ ਦੀ ਭਖਵੀਂ ਮੰਗ ਹਨ।
ਡਾ. ਨਿੱਜਰ ਨੇ ਸ. ਪ੍ਰਤਾਪ ਸਿੰਘ ਕੈਰੋਂ ਨੂੰ ਯਾਦ ਕਰਦਿਆਂ ਪੀ ਏ ਯੂ ਦੀ ਸਥਾਪਨਾ ਦੇ ਦੌਰ ਬਾਰੇ ਗੱਲਾਂ ਕੀਤੀਆਂ। ਉਨ੍ਹਾਂ ਕਿਹਾ ਕਿ ਵਿਗਿਆਨਕ ਖੇਤੀ ਦਾ ਰਾਹ ਵੀ ਵਾਤਾਵਰਨ ਦੀ ਸੰਭਾਲ ਨਾਲ ਜੁੜਿਆ ਹੋਇਆ ਹੈ।
ਡਾ. ਨਿੱਜਰ ਨੇ ਕਿਹਾ ਕਿ ਪੰਜਾਬੀਆਂ ਨੂੰ ਪਾਣੀ ਦਾ ਮੁੱਲ ਪਾਉਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਦੀ ਯੋਜਨਾ ਹੈ ਕਿ ਧਰਤੀ ਹੇਠਲੇ ਪਾਣੀ ਦੀ ਥਾਂ ਸ਼ਹਿਰਾਂ ਲਈ ਨਹਿਰੀ ਪਾਣੀ ਉਪਲਬਧ ਕਰਾਇਆ ਜਾਵੇ।
 ਡਾ. ਨਿੱਜਰ ਨੇ ਪਰਾਲੀ ਨਾ ਸਾੜਨ ਲਈ ਕਿਸਾਨਾਂ ਨੂੰ ਅਪੀਲ ਕੀਤੀ ਤੇ ਕਿਹਾ ਕਿ ਇਸ ਤਰ੍ਹਾਂ ਮਿੱਟੀ ਵਿਚਲੇ ਹਜ਼ਾਰਾਂ ਜੀਵ ਮਾਰੇ ਜਾਂਦੇ ਹਨ। ਨਾਲ ਹੀ ਉਨ੍ਹਾਂ ਨੇ ਰੁੱਖ ਲਾ ਕੇ ਆਲੇ ਦੁਆਲੇ ਦੇ ਜਲਵਾਯੂ ਲਈ ਉਸਾਰੂ ਕੋਸ਼ਿਸ਼ਾਂ ਦੀ ਅਪੀਲ ਕੀਤੀ।
ਇਸ ਮੌਕੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਕੋਰੋਨਾ ਤੋਂ ਬਾਅਦ ਮੇਲਾ ਲੱਗਣਾ ਬਹੁਤ ਸੁੱਭ ਸਗਨ ਹੈ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਇਸ ਮੇਲੇ ਵਿੱਚੋਂ ਸੁਧਰੇ ਬੀਜ, ਖੇਤੀ ਸਾਹਿਤ, ਫਲਾਂ ਤੇ ਸਬਜੀਆਂ ਦੀ ਪਨੀਰੀ ਆਦਿ ਖਰੀਦ ਕੇ ਲਿਜਾਣ।
ਨਾਲ ਹੀ ਇਨ੍ਹਾਂ ਮੇਲਿਆਂ ਦਾ ਦੂਹਰਾ ਮੰਤਵ ਖੇਤੀ ਖੋਜਾਂ ਨੂੰ ਕਿਸਾਨਾਂ ਤਕ ਪਹੁੰਚਾਉਣ ਅਤੇ ਕਿਸਾਨਾਂ ਕੋਲੋਂ ਸਿੱਖਣ ਦਾ ਵੀ ਹੁੰਦਾ ਹੈ। ਡਾ. ਗੋਸਲ ਨੇ ਕਿਹਾ ਕਿ ਕੋਰੋਨਾ ਕਾਲ ਵਿੱਚ ਯੂਨੀਵਰਸਿਟੀ ਦੀਆਂ ਪਸਾਰ ਗਤੀਵਿਧੀਆਂ ਲਗਾਤਾਰ ਜਾਰੀ ਰਹੀਆਂ।
ਡਾ. ਗੋਸਲ ਨੇ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਖੇਤੀ ਦੀ ਆਮਦਨ ਵਧਾਉਣ ਦੇ ਨਾਲ ਹੀ ਖਰਚਿਆਂ ਤੇ ਕਾਬੂ ਰੱਖਣ ਦੀ ਲੋੜ ਹੈ। ਡਾ. ਗੋਸਲ ਨੇ ਕਿਸਾਨਾਂ ਨੂੰ ਅਗਲੇ ਫ਼ਸਲੀ ਸੀਜ਼ਨ ਲਈ ਸੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਲਗਾਤਾਰ ਯੂਨੀਵਰਸਿਟੀ ਨਾਲ ਜੁੜੇ ਰਹਿਣ ।
ਇਸ ਮੌਕੇ ਅਟਾਰੀ ਦੇ ਨਿਰਦੇਸ਼ਕ ਡਾ. ਰਾਜਬੀਰ ਸਿੰਘ ਬਰਾੜ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਮੰਤਰੀ ਸਾਹਿਬ ਨੂੰ ਕਿ੍ਰਸ਼ੀ ਵਿਗਿਆਨ ਕੇਂਦਰਾਂ ਦੇ ਢਾਂਚੇ ਤੋਂ ਜਾਣੂ ਕਰਾਇਆ। ਪੀ ਏ ਯੂ ਦੇ ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ ਨੇ ਖੇਤੀ ਖੋਜਾਂ ਬਾਰੇ ਯੂਨੀਵਰਸਿਟੀ ਦੀਆਂ ਗਤੀਵਿਧੀਆਂ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਣਕ ਦੀ ਨਵੀਂ ਪੀ ਬੀ ਡਬਲਯੂ 826 ਕਾਸ਼ਤ ਲਈ ਜਾਰੀ ਕੀਤੀ ਗਈ ਹੈ ਜੋ ਪਿਛਲੇ ਦਿਨੀਂ ਰਾਸਟਰੀ ਪੱਧਰ ਤੇ ਪਛਾਣੀ ਗਈ ਹੈ।
ਉਨ੍ਹਾਂ ਜਵੀ ਦੀ ਨਵੀਂ ਕਿਸਮ ਅਤੇ ਹੋਰ ਫਸਲਾਂ ਦੀਆਂ ਸਿਫਾਰਸ਼ ਕਿਸਮਾਂ ਬਾਰੇ ਵੀ ਦੱਸਿਆ। ਨਾਲ ਹੀ ਡਾ ਢੱਟ ਨੇ ਉਤਪਾਦਨ ਅਤੇ ਪੌਦ ਸੁਰੱਖਿਆ ਤਕਨੀਕਾਂ ਵੀ ਸਾਂਝੀਆਂ ਕੀਤੀਆਂ। ਸਵਾਗਤੀ ਸਬਦ ਨਿਰਦੇਸਕ ਪਸਾਰ ਸਿੱਖਿਆ ਡਾ ਅਸ਼ੋਕ ਕੁਮਾਰ ਨੇ ਕਹੇ। ਉਨ੍ਹਾਂ ਦੱਸਿਆ ਕਿ ਪੀ ਏ ਯੂ ਨੇ ਹਰ ਹਾਲ ਨਵੀਂ ਖੇਤੀ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ ਹੈ। ਨਾਲ ਹੀ ਕਿ੍ਰਸ਼ੀ ਵਿਗਿਆਨ ਕੇਂਦਰਾਂ ਵਿਚ ਚਲ ਰਹੇ ਸਿਖਲਾਈ ਪ੍ਰੋਗਰਾਮਾਂ ਬਾਰੇ ਵੀ ਜਾਣਕਾਰੀ ਡਾ ਅਸ਼ੋਕ ਕੁਮਾਰ ਨੇ ਦਿੱਤੀ ।
ਸਮਾਗਮ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਅਤੇ ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ. ਕੁਲਦੀਪ ਸਿੰਘ ਨੇ ਕੀਤਾ । ਅੰਤ ਵਿੱਚ ਧੰਨਵਾਦ ਦੇ ਸ਼ਬਦ ਡਾ ਬਿਕਰਮਜੀਤ ਸਿੰਘ ਨੇ ਕਹੇ।

Facebook Comments

Trending

Copyright © 2020 Ludhiana Live Media - All Rights Reserved.