ਪੰਜਾਬ ਨਿਊਜ਼

31 ਜੁਲਾਈ ਤੋਂ ਪਹਿਲਾਂ ਵਰਦੀਆਂ ਵੰਡਣਗੇ ਸਕੂਲ, ਮਈ ਵਿੱਚ ਜਾਰੀ ਕੀਤੇ ਗਏ ਹਨ ਫੰਡ

Published

on

ਲੁਧਿਆਣਾ : ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਨੂੰ ਹਰ ਸਾਲ ਵਰਦੀਆਂ ਵੰਡਣ ਲਈ ਫੰਡ ਜਾਰੀ ਕੀਤੇ ਜਾਂਦੇ ਹਨ, ਜੋ ਇਸ ਸਾਲ ਵੀ ਜਾਰੀ ਕਰ ਦਿੱਤੇ ਗਏ ਹਨ। ਸਕੂਲਾਂ ਨੂੰ 600 ਰੁਪਏ ਪ੍ਰਤੀ ਵਿਦਿਆਰਥੀ ਦੀ ਦਰ ਨਾਲ ਫੰਡ ਜਾਰੀ ਕੀਤੇ ਗਏ ਹਨ। ਭਾਵੇਂ ਸਕੂਲਾਂ ਵੱਲੋਂ ਦਿੱਤਾ ਜਾਣ ਵਾਲਾ ਪ੍ਰਤੀ ਵਿਦਿਆਰਥੀ ਫੰਡ ਘੱਟ ਦੱਸਿਆ ਗਿਆ ਹੈ ਪਰ ਹੁਣ ਵਿਭਾਗ ਵੱਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਸੈਕੰਡਰੀ, ਐਲੀਮੈਂਟਰੀ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ, ਸਕੂਲ ਮੁਖੀਆਂ ਨੂੰ ਵਰਦੀਆਂ ਵੰਡਣ ਦਾ ਕੰਮ 31 ਜੁਲਾਈ ਤੋਂ ਪਹਿਲਾਂ-ਪਹਿਲਾਂ ਮੁਕੰਮਲ ਕਰਨ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।

ਸੈਸ਼ਨ 2022-23 ਵਿੱਚ ਸਮੱਗਰ ਸਿੱਖਿਆ ਅਭਿਆਨ ਤਹਿਤ ਸਰਕਾਰੀ ਸਕੂਲਾਂ ਦੇ ਪਹਿਲੀ ਤੋਂ ਅੱਠਵੀਂ ਜਮਾਤ ਵਿੱਚ ਪੜ੍ਹਦੀਆਂ ਲੜਕੀਆਂ, ਐਸਸੀ, ਐਸਟੀ, ਬੀਪੀਐੱਲ ਲੜਕਿਆਂ ਨੂੰ ਮੁਫ਼ਤ ਵਰਦੀਆਂ ਜਾਰੀ ਕੀਤੀਆਂ ਜਾਣੀਆਂ ਹਨ। ਹਦਾਇਤਾਂ ਵਿਚ ਕਿਹਾ ਗਿਆ ਹੈ ਕਿ ਵਰਦੀਆਂ ਵੰਡਣ ਦੀ ਪ੍ਰਗਤੀ ਰਿਪੋਰਟ ਸਾਰੇ ਸਕੂਲ ਮੁਖੀਆਂ ਨੂੰ ਈ-ਪੰਜਾਬ ਪੋਰਟਲ ‘ਤੇ ਅਪਲੋਡ ਕਰਨੀ ਹੋਵੇਗੀ।

ਸਿੱਖਿਆ ਵਿਭਾਗ ਅਨੁਸਾਰ ਲੁਧਿਆਣਾ ਜ਼ਿਲ੍ਹੇ ਦੇ 150918 ਵਿਦਿਆਰਥੀਆਂ ਨੂੰ ਕੁੱਲ 905.51 ਲੱਖ ਰੁਪਏ ਜਾਰੀ ਕੀਤੇ ਗਏ ਹਨ। ਇਨ੍ਹਾਂ ਵਿਚੋਂ 93832 ਲੜਕੀਆਂ ਲਈ 562.99 ਲੱਖ ਰੁਪਏ, 44932 ਐਸਸੀ ਲੜਕਿਆਂ ਲਈ 269.59 ਲੱਖ ਰੁਪਏ, 12154 ਬੀਪੀਐਲ ਲੜਕਿਆਂ ਲਈ 72.92 ਲੱਖ ਰੁਪਏ ਜਾਰੀ ਕੀਤੇ ਗਏ ਹਨ। ਇਸ ਸਬੰਧੀ ਜ਼ਿਲ੍ਹੇ ਦੇ ਪਹਿਲੀ ਤੋਂ ਅੱਠਵੀਂ ਜਮਾਤ ਦੇ 150918 ਵਿਦਿਆਰਥੀ ਹਨ, ਜਿਨ੍ਹਾਂ ਨੂੰ 905.51 ਲੱਖ ਰੁਪਏ ਦਾ ਫੰਡ ਜਾਰੀ ਕੀਤਾ ਗਿਆ ਹੈ।

ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚੇ ਜਿਨ੍ਹਾਂ ਵਿਚ ਮੁੰਡਿਆਂ ਨੂੰ ਪੈਂਟ -ਕਮੀਜ਼ਾਂ ਅਤੇ ਕੁੜੀਆਂ ਨੂੰ ਸੂਟ-ਸਲਵਾਰਾਂ, ਦੁਪੱਟਾ, ਸਰਦੀਆਂ ਵਿਚ ਗਰਮ ਸਵੈਟਰ, ਜੁੱਤੀਆਂ ਅਤੇ ਜੁਰਾਬਾਂ ਦਾ ਜੋੜਾ ਸ਼ਾਮਲ ਹਨ। ਸਕੂਲ ਮੈਨੇਜਮੈਂਟ ਕਮੇਟੀ ਆਪਣੇ ਪੱਧਰ ਤੇ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਵਰਦੀ ਦਾ ਰੰਗ ਤੈਅ ਕਰੇਗੀ। ਇਹ ਵੀ ਕਿਹਾ ਗਿਆ ਹੈ ਕਿ ਹਰ ਵਿਦਿਆਰਥੀ ਨੂੰ ਉਸ ਦੇ ਆਕਾਰ ਅਨੁਸਾਰ ਵਰਦੀ ਦੇਣਾ ਯਕੀਨੀ ਬਣਾਇਆ ਜਾਵੇ।

Facebook Comments

Trending

Copyright © 2020 Ludhiana Live Media - All Rights Reserved.