Connect with us

ਖੇਤੀਬਾੜੀ

ਬੀਬੀਐਮਬੀ ਦੇ ਮੁੱਦੇ ਨੂੰ ਲੈਕੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ, 25 ਨੂੰ ਗਵਰਨਰ ਹਾਊਸ ਅੱਗੇ ਪ੍ਰਦਰਸ਼ਨ

Published

on

Samyukta Kisan Morcha meeting on BBMB issue, protest in front of Governor House on 25th

ਲੁਧਿਆਣਾ : ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਪੰਜਾਬ ਦਾ ਹੱਕ ਖੋਹੇ ਜਾਣ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਪੰਜਾਬ ਦੀਆਂ ਜਥੇਬੰਦੀਆਂ ਦੀ ਮੀਟਿੰਗ ਡਾ ਦਰਸ਼ਨਪਾਲ, ਜਗਜੀਤ ਸਿੰਘ ਡੱਲੇਵਾਲ ਅਤੇ ਪਰਮਿੰਦਰ ਸਿੰਘ ਪਾਲਮਾਜਰਾ ਦੀ ਪ੍ਰਧਾਨਗੀ ਹੇਠ ਲੁਧਿਆਣਾ ਵਿਖੇ ਹੋਈ। ਇਸ ਮੀਟਿੰਗ ਵਿੱਚ ਬੀਬੀਐੱਮਬੀ ਵਿਚ ਪੰਜਾਬ ਹਰਿਆਣਾ ਦੇ ਹੱਕ ਖੋਹੇ ਜਾਣ ‘ਤੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ 25 ਮਾਰਚ ਨੂੰ ਚੰਡੀਗੜ੍ਹ ਦੇ ਗਵਰਨਰ ਹਾਊਸ ਵਿਖੇ ਰੋਸ ਪ੍ਰਦਰਸ਼ਨ ਕਰਕੇ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਦਿੱਤਾ ਜਾਵੇਗਾ।

ਇਸ ਮੰਗ ਪੱਤਰ ਵਿੱਚ ਬੀਬੀਐਮਬੀ ਨਾਲ ਸਬੰਧਤ ਮੰਗਾਂ ਦੇ ਨਾਲ ਨਾਲ ਕਿਸਾਨਾਂ ਦੀਆਂ ਦਿੱਲੀ ਅੰਦੋਲਨ ਵੇਲੇ ਦੀਆਂ ਰਹਿੰਦੀਆਂ ਮੰਗਾਂ ਫ਼ਸਲਾਂ ਦੇ ਐੱਮਐੱਸਪੀ ਕਾਨੂੰਨ, ਲਖੀਮਪੁਰ ਖੀਰੀ ਦੇ ਕਿਸਾਨਾਂ ਦਾ ਇਨਸਾਫ, ਅੰਦੋਲਨ ਦੌਰਾਨ ਕਿਸਾਨ ਆਗੂਆਂ ਅਤੇ ਕਿਸਾਨਾਂ ਉੱਪਰ ਦਰਜ ਕੇਸ ਵਾਪਸ ਲੈਣ ਅਤੇ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਸਬੰਧੀ ਮੰਗਾਂ ਵੀ ਸ਼ਾਮਲ ਹੋਣਗੀਆਂ।

ਇਸ ਦੇ ਨਾਲ ਹੀ ਉਨ੍ਹਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਨੇ ਗੰਨਾ ਸੰਘਰਸ਼ ਵੇਲੇ ਭਾਅ ਵਿੱਚ ਵਾਧਾ ਕਰਕੇ ਕਿਸਾਨਾਂ ਨੂੰ 35 ਰੁਪਏ ਪ੍ਰਤੀ ਕੁਇੰਟਲ ਕਾਊਂਟਰ ਪੇਮੈਂਟ ਕਰਨ ਦੀ ਮੰਗ ਮੰਨੀ ਸੀ ਜੋ ਅਜੇ ਤੱਕ ਪੂਰੀ ਨਹੀਂ ਹੋਈ, ਇਸਨੂੰ ਤੁਰੰਤ ਭੁਗਤਾਨ ਕੀਤਾ ਜਾਵੇ ਅਤੇ ਪਿਛਲੇ ਦਿਨੀਂ ਮੀਂਹ ਕਾਰਨ ਕਿਸਾਨਾਂ ਦੀਆਂ ਖ਼ਰਾਬ ਹੋਈਆਂ ਵੱਖ ਵੱਖ ਫਸਲਾਂ ਦਾ ਮੁਆਵਜ਼ਾ ਪ੍ਰਤੀ ਏਕੜ ਨੂੰ ਇਕਾਈ ਮੰਨ ਕੇ ਦਿੱਤਾ ਜਾਵੇ।

ਮੀਟਿੰਗ ਵਿੱਚ ਪਾਸ ਕੀਤਾ ਗਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਗਿਆਰਵੀਂ ਅਤੇ ਬਾਰਵੀਂ ਜਮਾਤ ਦੀਆਂ ਕਿਤਾਬਾਂ ਵਿੱਚ ਕਿਸਾਨਾਂ ਨੂੰ ਜ਼ਮੀਨਾਂ ਵੰਡਣ ਵਾਲੇ ਪਹਿਲੇ ਸਿੱਖ ਸ਼ਾਸਕ ਬੰਦਾ ਸਿੰਘ ਬਹਾਦਰ ਨੂੰ ਜ਼ਾਲਮ ਦਰਸਾਇਆ ਗਿਆ ਹੈ ਅਤੇ ਇਤਿਹਾਸ ਨਾਲ ਛੇੜਛਾੜ ਕੀਤੀ ਗਈ ਹੈ। ਇਸ ਤੋਂ ਇਲਾਵਾ ਸਿੱਖ ਗੁਰੂਆਂ ਸਬੰਧੀ ਵੀ ਘਟੀਆ ਵਿਸ਼ਲੇਸ਼ਕ ਵਰਤੇ ਗਏ ਹਨ, ਸਬੰਧੀ ਇੱਕ ਵੱਖਰਾ ਮੰਗ ਪੱਤਰ ਦਿੱਤਾ ਜਾਵੇਗਾ ।

Facebook Comments

Trending