ਰੂਪਨਗਰ : ਨੂਰਪੁਰ ਬੇਦੀ ਬਲਾਕ ਦੇ ਪਿੰਡ ਗਨੂੰਰਾ ਦਾ ਵਸਨੀਕ ਫ਼ੌਜੀ ਜੋ ਚੀਨ ਦੇ ਨੇੜੇ ਪੈਂਦੇ ਅਰੁਣਾਚਲ ਪ੍ਰਦੇਸ਼ ਵਿਚ 20 ਸਿੱਖ ਰੈਜੀਮੈਂਟ ਵਿਚ ਤਾਇਨਾਤ ਸੀ, ਆਪਣੇ 20 ਫੌਜੀ ਜਵਾਨਾਂ ਨਾਲ ਸਰਹੱਦ ’ਤੇ ਗਸ਼ਤ ’ਤੇ ਸੀ। ਇਸ ਵੇਲੇ ਸਾਹ ਲੈਣ ਵਿਚ ਸਮੱਸਿਆ ਪੇਸ਼ ਆਉਣ ਮਗਰੋਂ ਉਨ੍ਹਾਂ ਦੀ ਸ਼ਹਾਦਤ ਹੋ ਗਈ। ਸ਼ਹਾਦਤ ਬਾਰੇ ਫੌਜੀ ਜਵਾਨ ਦੇ ਪਿਤਾ ਹਰਬੰਸ ਸਿੰਘ ਨੇ ਦੱਸਿਆ ਉਨ੍ਹਾਂ ਨੂੰ ਫੌਜੀ ਅਫ਼ਸਰ ਨੇ ਫੋਨ ਕਰ ਕੇ ਦੱਸਿਆ ਹੈ ਕਿ ਉਨ੍ਹਾਂ ਦਾ ਪੁੱਤਰ ਗੁਰਨਿੰਦਰ ਸਿੰਘ ਫੌਜ ਦੀ ਟੁੱਕੜੀ ਨਾਲ ਵੱਖ-ਵੱਖ ਚੌਕੀਆਂ ’ਤੇ ਗਸ਼ਤ ’ਤੇ ਸੀ। ਉਥੇ ਆਕਸੀਜਨ ਦੀ ਕਮੀ ਪੇਸ਼ ਆਈ ਤਾਂ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਸੀ ਪਰ ਫੇਰ ਵੀ ਜਵਾਨ ਦੀ ਸ਼ਹਾਦਤ ਹੋ ਗਈ।
ਸ਼ਹੀਦ ਦੀ ਦੇਹ ਲਿਆਉਣ ਵਿਚ ਮੌਸਮ ਖ਼ਰਾਬ ਹੋਣ ਦੇ ਕਾਫੀ ਦਿੱਕਤਾਂ ਪੇਸ਼ ਆ ਰਹੀਆਂ ਹਨ। ਜੇ ਮੌਸਮ ਦੀ ਖ਼ਰਾਬੀ ਨਾ ਹੋਈ ਤਾਂ 14 ਜੂਨ ਨੂੰ ਫੌਜੀ ਜਵਾਨ ਦੀ ਦੇਹ ਪਿੰਡ ਗਨੂੰਰਾ ਪਹੁੰਚ ਸਕਦੀ ਹੈ। ਸ਼ਹੀਦ ਫੌਜੀ ਜਵਾਨ ਆਪਣੇ ਪਿੱਛੇ ਪਤਨੀ ਜਸਵਿੰਦਰ ਕੌਰ ਤੇ 9 ਸਾਲਾ ਪੁੱਤਰ ਸ਼ਿਵਰਾਜਵੀਰ ਸਿੰਘ ਛੱਡ ਗਿਆ ਹੈ। ਫੌਜੀ ਜਵਾਨ ਨੇ ਸ਼੍ਰੀਨਗਰ ਵਿਚ ਲੰਮਾ ਸਮਾਂ ਡਿਊਟੀ ਦੌਰਾਨ ਅੱਤਵਾਦੀਆਂ ਦੇ ਦੰਦ ਖੱਟੇ ਕੀਤੇ ਸਨ।