ਪੰਜਾਬੀ

ਹਰਿਆ ਭਰਿਆ ਸੁਰੱਖਿਅਤ ਕੈਂਪਸ ਬਨਾਉਣ ਦੇ ਲਈ ਕਰਮਚਾਰੀਆਂ ਦਾ ਸਨਮਾਨ

Published

on

ਲੁਧਿਆਣਾ :   ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਕੈਂਪਸ ਨੂੰ ਹਰਿਆ ਭਰਿਆ ਅਤੇ ਸੁਰੱਖਿਅਤ ਬਨਾਉਣ ਦੇ ਲਈ ਦਿੱਤੇ ਸਹਿਯੋਗ ਕਾਰਨ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ । ਇਹ ਸਨਮਾਨ ਸਮਾਰੋਹ ਯੂਨੀਵਰਸਿਟੀ ਦੇ ਭੂਮੀ ਵਿਗਿਆਨ ਵਿਭਾਗ ਵੱਲੋਂ ਆਯੋਜਿਤ ਕੀਤਾ ਗਿਆ ।

ਯੂਨੀਵਰਸਿਟੀ ਦੇ ਪਾਲ ਆਡੀਟੋਰੀਅਮ ਵਿਖੇ ਆਯੋਜਿਤ ਇਸ ਪ੍ਰੋਗਰਾਮ ਵਿੱਚ ਨਿਰਦੇਸ਼ਕ ਪਸਾਰ ਸਿੱਖਿਆ ਅਤੇ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਜਸਕਰਨ ਸਿੰਘ ਮਾਹਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦਕਿ ਯੂਨੀਵਰਸਿਟੀ ਦੇ ਚੀਫ ਇੰਜਨੀਅਰ ਡਾ. ਵਿਸ਼ਵਜੀਤ ਸਿੰਘ ਹਾਂਸ ਅਤੇ ਮਿਲਖ ਅਫਸਰ ਡਾ. ਗੁਰਸਾਹਿਬ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ।

ਜੀ ਆਇਆ ਦੇ ਸ਼ਬਦ ਬੋਲਦਿਆਂ ਵਿਭਾਗ ਦੇ ਮੁਖੀ ਡਾ. ਓ ਪੀ ਚੌਧਰੀ ਨੇ ਦੱਸਿਆ ਕਿ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਵੱਲੋਂ ਐੱਨ ਏ ਐੱਚ ਈ ਪੀ ਨਾਮ ਦਾ ਵੱਕਾਰੀ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ । ਇਸ ਪ੍ਰੋਜੈਕਟ ਦੇ ਅਧੀਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੂੰ ਗਰੀਨ ਕਲੀਨ ਕੈਂਪਸ ਐਵਾਰਡ ਨਾਲ ਬੀਤੇ ਦਿਨੀਂ ਸਨਮਾਨਿਤ ਕੀਤਾ ਗਿਆ ਹੈ । ਉਹਨਾਂ ਦੱਸਿਆ ਕਿ ਇਸ ਐਵਾਰਡ ਵਿੱਚ 10 ਲੱਖ ਰੁਪਏ ਦੀ ਰਾਸ਼ੀ ਵੀ ਪ੍ਰਾਪਤ ਹੋਈ ।

ਸਮਾਗਮ ਦੇ ਮੁੱਖ ਮਹਿਮਾਨ ਡਾ. ਜਸਕਰਨ ਸਿੰਘ ਮਾਹਲ ਨੇ ਬੋਲਦਿਆਂ ਕਿਹਾ ਕਿ ਇਸ ਯੂਨੀਵਰਸਿਟੀ ਦਾ ਕੈਂਪਸ ਦਿਲ ਖਿਚਵਾਂ ਹੈ । ਇਸ ਸਨਮਾਨ ਦੇ ਨਾਲ ਯੂਨੀਵਰਸਿਟੀ ਵੱਲੋਂ ਪ੍ਰਾਪਤ ਸਨਮਾਨਾਂ ਦੀ ਲੜੀ ਵਿੱਚ ਵਾਧਾ ਹੋਇਆ ਹੈ । ਉਹਨਾਂ ਇਸ ਸਨਮਾਨ ਦੀ ਪ੍ਰਾਪਤੀ ਲਈ ਕਰਮਚਾਰੀਆਂ ਅਤੇ ਕਾਮਿਆਂ ਵੱਲੋਂ ਪਾਏ ਸਹਿਯੋਗ ਦੀ ਭਰਪੂਰ ਸ਼ਲਾਘਾ ਕੀਤੀ । ਉਹਨਾਂ ਕਿਹਾ ਕਿ ਯੂਨੀਵਰਸਿਟੀ ਦਾ ਇਹ ਸਨਮਾਨ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦਾ ਨਾ ਹੋ ਕੇ ਸਗੋਂ ਸਾਰੇ ਕਾਮਿਆਂ ਦਾ ਹੈ।

ਇਸ ਮੌਕੇ ਡਾ. ਹਾਂਸ ਨੇ ਬੋਲਦਿਆਂ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਪਿਛਲੇ ਸਮਾਂ ਕਾਲ ਦੌਰਾਨ ਇਹਨਾਂ ਕਰਮਚਾਰੀਆਂ ਨੇ ਯੂਨੀਵਰਸਿਟੀ ਦੇ ਹਰ ਕੋਨੇ ਵਿੱਚ ਅਨਾਜ ਪਹੁੰਚਾਉਣ ਦੇ ਲਈ ਦਿਨ ਰਾਤ ਮਿਹਨਤ ਕੀਤੀ । ਇਸ ਸ਼ੁਭ ਕਾਰਜ ਵਿੱਚ ਪਾਏ ਗਏ ਸਕਿਊਰਟੀ ਕਰਮਚਾਰੀਆਂ ਦਾ ਯੋਗਦਾਨ ਅਤਿ ਸਲਾਹੁਣਯੋਗ ਰਿਹਾ ।

ਮਿਲਖ ਅਫਸਰ ਡਾ. ਗੁਰਸਾਹਿਬ ਨੇ ਜਾਣਕਾਰੀ ਵਧਾਉਦਿਆਂ ਦੱਸਿਆ ਕਿ 250 ਦੇ ਕਰੀਬ ਕਰਮਚਾਰੀਆਂ ਨੂੰ ਆਪਣੀ ਡਿਊਟੀ ਸੁਚਾਰੂ ਰੂਪ ਨਾਲ ਚਲਾਉਣ ਲਈ ਇਸ ਪ੍ਰੋਜੈਕਟ ਅਧੀਨ ਜਾਕਟਾਂ ਅਤੇ ਹੋਰ ਸਮੱਗਰੀ  ਪ੍ਰਦਾਨ ਕੀਤੀ ਗਈ ਹੈ । ਇਸ ਮੌਕੇ ਵਿਸ਼ੇਸ਼ ਤੌਰ ਤੇ ਸਕਿਊਰਟੀ ਇੰਚਾਰਜ਼ ਸ. ਜੋਰਾ ਸਿੰਘ ਅਤੇ ਸ੍ਰੀ ਸ਼ਿਵ ਕੁਮਾਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ।

Facebook Comments

Trending

Copyright © 2020 Ludhiana Live Media - All Rights Reserved.