ਪੰਜਾਬੀ

 ਸਿਹਤ ਅਤੇ ਤੰਦਰੁਸਤੀ ਬਾਰੇ ਜਾਗਰੂਕਤਾ ਲਈ ਕਰਵਾਇਆ ਪ੍ਰਸ਼ਨੋਤਰੀ ਮੁਕਾਬਲਾ 

Published

on

ਲੁਧਿਆਣਾ : ਪੀ.ਏ.ਯੂ. ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਨੇ ਵਿਸਵ ਖੁਰਾਕ ਸੁਰੱਖਿਆ ਅਤੇ ਵਿਸਵ ਵਾਤਾਵਰਣ ਦਿਵਸ ਦੇ ਪ੍ਰਸੰਗ ਵਿੱਚ ਵਿਸ਼ਵ ਯੋਗ ਦਿਵਸ ਦੇ ਮੌਕੇ ਤੇ ਸਿਹਤ ਅਤੇ ਤੰਦਰੁਸਤੀ ਵਿਸੇ ਬਾਰੇ  ਕੁਇਜ ਮੁਕਾਬਲੇ ਦਾ ਆਯੋਜਨ ਕੀਤਾ| ਇਸ ਸਮਾਗਮ ਦੀ ਪ੍ਰਧਾਨਗੀ ਖੇਤੀਬਾੜੀ ਕਾਲਜ ਦੇ ਡੀਨ ਡਾ. ਰਵਿੰਦਰ ਕੌਰ ਧਾਲੀਵਾਲ ਨੇ ਕੀਤੀ | ਸਮਾਗਮ ਵਿੱਚ ਫੈਕਲਟੀ ਅਤੇ ਸਟਾਫ ਮੈਂਬਰਾਂ ਦੇ ਨਾਲ 200 ਤੋਂ ਵੱਧ ਵਿਦਿਆਰਥੀ ਸ਼ਾਮਿਲ ਹੋਏ |

ਇਸ ਮੌਕੇ ਬੋਲਦਿਆਂ ਡਾ. ਰਵਿੰਦਰ ਕੌਰ ਧਾਲੀਵਾਲ ਨੇ ਸਿਹਤ ਅਤੇ ਤੰਦਰੁਸਤੀ ਦੀ ਮਹੱਤਤਾ ਦੇ ਪਸਾਰ ਲਈ ਇਸ ਸਮਾਗਮ ਦੇ ਆਯੋਜਨ ਦੀ ਭਰਪੂਰ ਸਲਾਘਾ ਕੀਤੀ| ਡਾ. ਧਾਲੀਵਾਲ ਨੇ ਕਿਹਾ ਕਿ ਸਾਡਾ ਭੋਜਨ ਅਤੇ ਜੀਣ ਦਾ ਤਰੀਕਾ ਨਿਰਧਾਰਤ ਕਰਦਾ ਹੈ ਕਿ ਸਾਡੀ ਸਿਹਤ ਦੀ ਸਥਿਤੀ ਕਿਸ ਤਰ੍ਹਾਂ ਦੀ ਹੈ | ਉਹਨਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਕਸਰਤ ਦੇ ਰੂਪ ਵਿੱਚ ਯੋਗਾ ਆਪਣੀ ਨਿਯਮਿਤ ਜ਼ਿੰਦਗੀ ਦਾ ਹਿੱਸਾ ਬਨਾਉਣਾ ਚਾਹੀਦਾ ਹੈ |

ਭੋਜਨ ਵਿਗਿਆਨ ਵਿਭਾਗ ਦੇ ਮੁਖੀ ਡਾ. ਸਵਿਤਾ ਸਰਮਾ ਨੇ ਸਭ ਦਾ ਸਵਾਗਤ ਕੀਤਾ | ਉਹਨਾਂ ਨੇ ਕਿਹਾ ਕਿ ਵਿਦਿਆਰਥੀਆਂ ਦਾ ਇਸ ਸਮਾਗਮ ਵਿੱਚ ਸ਼ਾਮਿਲ ਹੋਣਾ ਇਸਦੀ ਸਫਲਤਾ ਦਾ ਸਬੂਤ ਹੈ | ਡਾ.  ਸਵਿਤਾ ਸਰਮਾ ਨੇ ਯੋਗ ਨੂੰ ਤੰਦਰੁਸਤੀ ਦਾ ਸਦੀਆਂ ਤੋਂ ਚਲਿਆ ਆ ਰਿਹਾ ਭਾਰਤੀ ਤਰੀਕਾ ਕਿਹਾ ਜਿਸ ਨਾਲ ਮਨ, ਸਰੀਰ ਅਤੇ ਆਤਮਾ ਦੀ ਤੰਦਰੁਸਤੀ ਸੰਭਵ ਹੁੰਦੀ ਹੈ |

ਭੋਜਨ ਤਕਨਾਲੋਜੀ ਮਾਹਿਰ ਡਾ. ਜਸਪ੍ਰੀਤ ਕੌਰ ਨੇ ਮੰਚ ਸੰਚਾਲਨ ਕੀਤਾ ਅਤੇ ਇਸ ਸਮਾਗਮ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਥੀਮ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ| ਸਹਾਇਕ ਪ੍ਰੋਫੈਸਰ ਡਾ. ਨੇਹਾ ਬੱਬਰ ਨੇ ਭਾਗ ਲੈਣ ਵਾਲਿਆਂ ਦੇ ਨਾਲ-ਨਾਲ ਹਾਜਰੀਨ ਦੇ ਉਤਸਾਹ ਅਤੇ ਜੋਸ ਨੂੰ ਕਾਇਮ ਰੱਖਦਿਆਂ ਕੁਇਜ ਮੁਕਾਬਲੇ ਦੀ ਗਤੀਵਿਧੀ ਨੂੰ ਚਲਾਇਆ|

ਇਸ ਮੌਕੇ ਅਕਾਦਮਿਕ, ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਸਾਨਦਾਰ ਪ੍ਰਾਪਤੀਆਂ ਕਰਨ ਵਾਲੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ| ਸਮਾਗਮ ਦੀ ਸਮਾਪਤੀ ਸਾਰੇ ਹਾਜਰੀਨ ਨੂੰ ਗ੍ਰਹਿ, ਸਮਾਜ ਅਤੇ ਵਿਅਕਤੀ ਦੇ ਫਾਇਦੇ ਲਈ ਸਿਹਤਮੰਦ ਆਦਤਾਂ ਨੂੰ ਮਜਬੂਤ ਕਰਨ ਦੀ ਸਹੁੰ ਚੁਕਾਉਣ ਦੇ ਨਾਲ ਹੋਈ|

Facebook Comments

Trending

Copyright © 2020 Ludhiana Live Media - All Rights Reserved.