ਪੰਜਾਬ ਵਿੱਚ ਆਰਥਿਕ ਤੌਰ ‘ਤੇ ਕਮਜ਼ੋਰ ਵਰਗ (EWS) ਦੇ ਕੋਟੇ ਦੇ ਮਕਾਨ ਲਈ ਹੁਣ ਵਿਆਹੇ ਲੋਕ ਹੀ ਪਾਤਰ ਹੋਣਗੇ ਯਾਨੀ ਗਰੀਬਾਂ ਲਈ ਬਣੇ ਸਸਤੇ ਮਕਾਨ ਕੁਆਰੇ ਨਹੀਂ ਲੈ ਸਕਣਗੇ। ਵਿਧਵਾਵਾਂ ਤੇ ਤਲਾਕਸ਼ੁਦਾ ਵਿਅਕਤੀ ਵੀ ਇਸ ਦੇ ਲਈ ਅਰਜ਼ੀ ਦੇ ਸਕਣਗੇ। ਤਿੰਨ ਲੱਖ ਤੱਕ ਸਾਲਾਨਾ ਆਮਦਨ ਵਾਲੇ ਹੀ ESW ਕੋਟੇ ਦੇ ਮਕਾਨਾਂ ਲਈ ਪਾਤਰ ਹੋਣਗੇ। ਪੰਜਾਬ ਸਰਕਾਰ ਦੀ ਪ੍ਰਸਤਾਵਿਤ ਨਵੀਂ ਹਾਊਸਿੰਗ ਪਾਲਿਸੀ ਵਿੱਚ ਇਹ ਵਿਵਸਥਾ ਕੀਤੀ ਗਈ ਹੈ।
ਪੰਜਾਬ ਦੇ ਹਾਊਸਿੰਗ ਐਂਡ ਅਰਬਨ ਡਿਪਾਰਟਮੈਂਟ ਨੇ ਨਵੀਂ ਹਾਊਸਿੰਗ ਪਾਲਿਸੀ ਦਾ ਡ੍ਰਾਫਟ ਤਿਆਰ ਕਰ ਲਿਆ ਹੈ। ਸਰਕਾਰ ਨੇ ਪ੍ਰਸਤਾਵਿਤ ਪਾਲਿਸੀ ਦਾ ਡਰਾਫਟ ਜਾਰੀ ਕਰਕੇ ਲੋਕਾਂ ਤੋਂ ਇਸ ਸਬੰਧੀ ਪੰਦਰਾਂ ਦਿਨ ਦੇ ਅੰਦਰ ਸੁਝਾਅ ਦੇਣ ਲਈ ਕਿਹਾ ਹੈ। ਇਸ ਤੋਂ ਬਾਅਦ ਪਾਲਿਸੀ ਲਾਗੂ ਕਰ ਦਿੱਤੀ ਜਾਏਗੀ। ਪੰਜਾਬ ਸਰਕਾਰ ਦਾ ਟੀਚਾ ਈਡਬਲਿਊਐੱਸ ਕੋਟੇ ਦੇ ਹਰ ਲਾਭਪਾਤਰੀ ਨੂੰ ਮਕਾਨ ਮੁਹੱਈਆ ਕਰਵਾਉਣਾ ਹੈ।
ਇਹ ਹਨ ਸ਼ਰਤਾਂ : ਘੱਟੋ-ਘੱਟ ਦਸ ਸਾਲ ਪੰਜਾਬ ਦਾ ਨਿਵਾਸੀ ਹੋਣਾ ਚਾਹੀਦਾ ਹੈ। 15 ਸਾਲ ਤੱਕ ਅਲਾਟ ਮਕਾਨ ਨੂੰ ਨਹੀਂ ਵੇਚ ਸਕਣਗੇ। ਕਿਰਾਏ ‘ਤੇ ਨਹੀਂ ਦੇ ਸਕਣਗੇ, 3 ਸਾਲ ਬਾਅਦ ਲੀਜ਼ ਰਿਨਿਊ ਕਰਵਾਉਣੀ ਹੋਵੇਗੀ। ਗ੍ਰਾਊਂਡ ਫਲੋਰ ਦੇ ਮਕਾਨ ਦਿਵਿਆਂਗ ਕੋਟੇ ਦੇ ਲੋਕਾਂ ਨੂੰ ਦਿੱਤੇ ਜਾਣਗੇ।