ਖੇਤੀਬਾੜੀ

ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪੀਏਯੂ ਦਾ ਕੀਤਾ ਦੌਰਾ

Published

on

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੀ ਆਪਣੀ ਪਹਿਲੀ ਫੇਰੀ ਦੌਰਾਨ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਭਗਵੰਤ ਮਾਨ ਦੀ ਅਗਵਾਈ ਹੇਠ ਕਿਸਾਨਾਂ ਦੀ ਭਲਾਈ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਸ: ਖੁੱਡੀਆਂ ਆਪਣੇ ਦੌਰੇ ਦੌਰਾਨ ਪੀ ਏ ਯੂ ਦੇ ਵਾਈਸ ਚਾਂਸਲਰ ਡਾ: ਸਤਿਬੀਰ ਸਿੰਘ ਗੋਸਲ ਅਤੇ ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ ਰਾਤ ਦੇ ਖਾਣੇ ਦੀ ਮੀਟਿੰਗ ਦੌਰਾਨ ਗੱਲਬਾਤ ਕਰ ਰਹੇ ਸਨ।

ਪੀਏਯੂ ਦੀ ਭਰਪੂਰ ਪ੍ਰਸ਼ੰਸਾ ਕਰਦੇ ਹੋਏ ਸ ਗੁਰਮੀਤ ਸਿੰਘ ਖੁਡੀਆਂ ਨੇ ਇਸ ਨੂੰ ਇਤਿਹਾਸਕ ਮਹੱਤਵ ਵਾਲੀ ਸੰਸਥਾ ਕਹਿ ਕੇ ਪ੍ਰਸ਼ੰਸਾ ਕੀਤੀ ਜਿਸ ਨੇ ਸਿੱਖਿਆ, ਖੋਜ, ਤਕਨਾਲ਼ੋਜੀਆਂ ਦੇ ਵਿਕਾਸ ਅਤੇ ਪਸਾਰ ਸੇਵਾਵਾਂ ਰਾਹੀਂ ਇਸ ਖਿੱਤੇ ਦੇ ਕਿਸਾਨੀ ਸਮਾਜ ਨੂੰ ਪੈਰਾਂ ਸਿਰ ਕੀਤਾ ਹੈ । ਉਨ੍ਹਾਂ ਦਾ ਮੰਨਣਾ ਸੀ ਕਿ ਇਨ੍ਹਾਂ ਕਾਰਜਾਂ ਦਾ ਲਾਭ ਛੋਟੇ ਪੱਧਰ ਦੇ ਕਿਸਾਨਾਂ ਅਤੇ ਹਾਸ਼ੀਆਗਤ ਸਮਾਜ ਦੇ ਲੋਕਾਂ ਲਈ ਹੋਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੇ ਜੀਵਨ ਨੂੰ ਖੁਸ਼ਹਾਲੀ ਨਾਲ ਭਰਪੂਰ ਕੀਤਾ ਜਾ ਸਕੇ।

ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੇਂਡੂ ਨੌਜਵਾਨਾਂ ਨੂੰ ਖੇਤੀਬਾੜੀ ਸਿੱਖਿਆ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ, ਜਿਸ ਨਾਲ ਉਨ੍ਹਾਂ ਦੇ ਹੁਨਰ ਨੂੰ ਮਜ਼ਬੂਤ ਕੀਤਾ ਜਾਵੇ ਅਤੇ ਲਾਹੇਵੰਦ ਖੇਤੀ ਦੀ ਸੰਭਾਵਨਾ ਨੂੰ ਵਿਕਸਿਤ ਕੀਤਾ ਜਾ ਸਕੇ। ਉਨ੍ਹਾਂ ਨੇ ਕਿਸਾਨ ਭਾਈਚਾਰੇ ਦੀਆਂ ਲਗਾਤਾਰ ਵਿਕਸਤ ਹੋ ਰਹੀਆਂ ਲੋੜਾਂ ਨੂੰ ਪੂਰਾ ਕਰਨ ਲਈ ਖੇਤੀ ਪਸਾਰ ਢਾਂਚੇ ਨੂੰ ਮੁੜ ਸੁਰਜੀਤ ਕਰਨ ਅਤੇ ਅਨੁਕੂਲ ਬਣਾਉਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ।

ਇਸ ਮੌਕੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਖੇਤੀਬਾੜੀ ਮੰਤਰੀ ਨੂੰ ਵਾਤਾਵਰਨ ਅਨੁਕੂਲ ਫਸਲੀ ਕਿਸਮਾਂ ਦੇ ਵਿਕਾਸ ਅਤੇ ਪ੍ਰੋਸੈਸਿੰਗ ਤਕਨਾਲੋਜੀਆਂ ਵਿੱਚ ਯੂਨੀਵਰਸਿਟੀ ਦੀਆਂ ਖੋਜਾਂ ਬਾਰੇ ਜਾਣਕਾਰੀ ਦਿੱਤੀ। ਵਾਈਸ ਚਾਂਸਲਰ ਨੇ ਖੇਤੀ ਮਸ਼ੀਨੀਕਰਨ ਅਤੇ ਕਿਸਾਨਾਂ ਨਾਲ ਮਜ਼ਬੂਤ ਸਬੰਧਾਂ ਨੂੰ ਬਰਕਰਾਰ ਰੱਖਣ ਲਈ ਕੀਤੇ ਜਾ ਰਹੇ ਯਤਨਾਂ ਸੰਬੰਧੀ ਵੀ ਚਾਨਣ ਪਾਇਆ । ਡਾ ਗੋਸਲ ਨੇ ਅਧਿਆਪਨ, ਖੋਜ ਅਤੇ ਪਸਾਰ ਖੇਤਰ ਦੀਆਂ ਪ੍ਰਾਪਤੀਆਂ ਸਾਂਝੀਆਂ ਕੀਤੀਆਂ।

ਇਸ ਤੋਂ ਇਲਾਵਾ ਉਨਾਂ ਖੇਤੀਬਾੜੀ ਮੰਤਰੀ ਨੂੰ ਖੇਤੀ ਉਤਪਾਦਾਂ ਦੀ ਪ੍ਰੋਸੈਸਿੰਗ, ਪੈਕਿੰਗ ਅਤੇ ਮੰਡੀਕਰਨ ਸੰਬੰਧੀ ਗਤੀਵਿਧੀਆਂ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੁਆਰਾ ਕਰਵਾਏ ਜਾ ਰਹੇ ਸਿਖਲਾਈ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਿਵੇਂ ਪੀਏਯੂ ਸਵੈ-ਸਹਾਇਤਾ ਸਮੂਹਾਂ ਦੀ ਮਜ਼ਬੂਤੀ ਲਈ ਯਤਨਸ਼ੀਲ ਹੈ ਅਤੇ ਔਰਤਾਂ ਨੂੰ ਆਰਥਿਕ ਤੌਰ ਤੇ ਸਵੈ-ਨਿਰਭਰ ਬਣਾਉਣ ਲਈ ਖੇਤੀ ਉੱਦਮ ਅਪਣਾਉਣ ਲਈ ਪ੍ਰੇਰਿਤ ਕਰ ਰਿਹਾ ਹੈ।

Facebook Comments

Trending

Copyright © 2020 Ludhiana Live Media - All Rights Reserved.