ਲੁਧਿਆਣਾ : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਆਪਣੇ ਪ੍ਰੀਖਿਆਰਥੀਆਂ ਲਈ ਸਰਟੀਫ਼ਿਕੇਟ ਲੈਣ ਲਈ ਤਤਕਾਲ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਪਰਸਨ ਡਾ. ਸਤਬੀਰ ਬੇਦੀ ਵਲੋਂ ਸੋਮਵਾਰ 19 ਜੂਨ ਨੂੰ ਸਿੱਖਿਆ ਬੋਰਡ ਦੇ ਪ੍ਰੀਖਿਆਰਥੀਆਂ ਲਈ ਦਫ਼ਤਰੀ ਰਿਕਾਰਡ ਅਨੁਸਾਰ ਸਾਲ 2020 ਤੋਂ ਹੁਣ ਤਕ ਦੀਆਂ ਪ੍ਰੀਖਿਆਵਾਂ ਲਈ ਸਰਟੀਫ਼ਿਕੇਟ ਦੀ ਸੈਕਿੰਡ ਕਾਪੀ ਲੈਣ ਲਈ ਤਤਕਾਲ ਸੇਵਾ ਆਰੰਭ ਕੀਤੀ ਗਈ।
ਡਾ. ਬੇਦੀ ਨੇ ਕਿਹਾ ਕਿ ਜੇ ਪ੍ਰੀਖਿਆਰਥੀ ਆਪਣੇ ਘਰ ਤੋਂ ਤਤਕਾਲ ਸੁਵਿਧਾ ਰਾਹੀਂ ਸਰਟੀਫ਼ਿਕੇਟ ਲੈਣ ਲਈ ਅਪਲਾਈ ਕਰੇਗਾ ਤਾਂ ਉਸ ਦਾ ਸਰਟੀਫ਼ਿਕੇਟ ਕੰਮਕਾਜ ਵਾਲੇ ਦਿਨਾਂ ਵਿਚ 48 ਘੰਟੇ ਦੇ ਅੰਦਰ-ਅੰਦਰ ਰਜਿਸਟਰਡ ਡਾਕ ਰਾਹੀਂ ਫ਼ਾਰਮ ਵਿਚ ਭਰੇ ਪਤੇ ’ਤੇ ਭੇਜ ਦਿੱਤਾ ਜਾਵੇਗਾ।
ਜੇਕਰ ਪ੍ਰੀਖਿਆਰਥੀ ਆਨਲਾਈਨ ਤਤਕਾਲ ਸੁਵਿਧਾ ਰਾਹੀਂ ਦਫ਼ਤਰੀ ਸਮੇਂ ਦੌਰਾਨ ਸਰਟੀਫ਼ਿਕੇਟ ਲਈ ਅਪਲਾਈ ਕਰਦਾ ਹੋਇਆ ਦਫ਼ਤਰ ਪਹੁੰਚ ਕਰਦਾ ਹੈ ਤਾਂ ਉਸ ਦਾ ਸਰਟੀਫ਼ਿਕੇਟ ਮੁੱਖ ਦਫ਼ਤਰ ਦੇ ਸਿੰਗਲ ਵਿੰਡੋ ਰਾਹੀਂ ਉਸੇ ਦਿਨ ਜਾਰੀ ਕਰ ਦਿੱਤਾ ਜਾਵੇਗਾ। ਜੇਕਰ ਸਰਟੀਫ਼ਿਕੇਟ ਲੈਣ ਲਈ ਦਫ਼ਤਰੀ ਸਮੇਂ ਤੋਂ ਬਾਅਦ ਅਪਲਾਈ ਕੀਤਾ ਜਾਂਦਾ ਹੈ ਤਾਂ ਸਰਟੀਫ਼ਿਕੇਟ ਅਗਲੇ ਕੰਮ-ਕਾਜ ਵਾਲੇ ਦਿਨ ਜਾਰੀ ਕੀਤਾ ਜਾਵੇਗਾ।