ਪੰਜਾਬ ਨਿਊਜ਼

10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ PSEB ਚੁੱਕ ਸਕਦੈ ਅਹਿਮ ਕਦਮ

Published

on

ਲੁਧਿਆਣਾ : ਪੰਜਾਬ ਸਕੂਲ ਸਿੱਖਿਆ ਬੋਰਡ 10ਵੀਂ ਅਤੇ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਨੂੰ ਲੈ ਕੇ ਹੋਰ ਸਖ਼ਤ ਹੋ ਗਿਆ ਹੈ। ਭਾਵੇਂ ਪ੍ਰੀਖਿਆ ਕੇਂਦਰਾਂ ਦੇ ਬਾਹਰ ਧਾਰਾ-144 ਪਹਿਲਾਂ ਹੀ ਲਾਗੂ ਹੈ ਪਰ ਇਸ ਨੂੰ ਹੋਰ ਵਧਾ ਕੇ ਹਰੇਕ ਪ੍ਰੀਖਿਆ ਕੇਂਦਰ ’ਤੇ ਡਿਊਟੀ ਮੈਜਿਸਟ੍ਰੇਟ ਵੀ ਤਾਇਨਾਤ ਕੀਤੇ ਜਾਣਗੇ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਿੱਖਿਆ ਬੋਰਡ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਹਰੇਕ ਪ੍ਰੀਖਿਆ ਕੇਂਦਰ ਲਈ ਡਿਊਟੀ ਮੈਜਿਸਟ੍ਰੇਟ ਤਾਇਨਾਤ ਕਰਨ ਦੀ ਅਪੀਲ ਕੀਤੀ ਹੈ।

ਡਿਊਟੀ ਮੈਜਿਸਟ੍ਰੇਟ ਦੀ ਤਾਇਨਾਤੀ ਕਾਰਨ ਪ੍ਰੀਖਿਆ ਕੇਂਦਰ ’ਚ ਮੁਕੰਮਲ ਸ਼ਾਂਤੀ ਰਹੇਗੀ ਅਤੇ ਜਿਥੇ ਭੀੜ ਇਕੱਠੀ ਹੋਣ ਤੋਂ ਰਾਹਤ ਮਿਲੇਗੀ, ਉੱਥੇ ਹੀ ਪ੍ਰੀਖਿਆ ਦੀ ਹਰ ਤਰ੍ਹਾਂ ਦੀ ਮਰਿਆਦਾ ਵੀ ਕਾਇਮ ਰਹੇਗੀ। ਇਹ ਵੀ ਪਤਾ ਲੱਗਾ ਹੈ ਕਿ ਜੇਕਰ ਕਿਸੇ ਪ੍ਰੀਖਿਆ ਕੇਂਦਰ ਦੇ ਬਾਹਰ ਭੀੜ ਇਕੱਠੀ ਹੁੰਦੀ ਹੈ ਜਾਂ ਸੋਸ਼ਲ ਮੀਡੀਆ ’ਤੇ ਇਮਤਿਹਾਨ ਸਬੰਧੀ ਝੂਠੀ ਖ਼ਬਰ ਫੈਲਾਈ ਜਾਂਦੀ ਹੈ ਤਾਂ ਉਨ੍ਹਾਂ ਲੋਕਾਂ ਖ਼ਿਲਾਫ਼ ਵੀ ਪਰਚੇ ਦਰਜ ਕੀਤੇ ਜਾਣਗੇ।

ਜੇਕਰ ਪ੍ਰੀਖਿਆ ਕੇਂਦਰ ਦੇ ਬਾਹਰ 5 ਜਾਂ ਇਸ ਤੋਂ ਵੱਧ ਲੋਕ ਇਕੱਠੇ ਹੁੰਦੇ ਹਨ ਤਾਂ ਡਿਊਟੀ ਮੈਜਿਸਟ੍ਰੇਟ ਤੁਰੰਤ ਪੁਲਸ ਨੂੰ ਸੂਚਿਤ ਕਰ ਸਕਣਗੇ ਅਤੇ ਅਜਿਹੇ ਲੋਕਾਂ ਵਿਰੁੱਧ ਪਰਚਾ ਦਰਜ ਕਰ ਸਕਦੇ ਹਨ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਕਿਸੇ ਪ੍ਰੀਖਿਆ ਕੇਂਦਰ ਦੇ ਕਮਰੇ ਵਿਚ ਵੀ ਨਕਲ ਦਾ ਮਾਮਲਾ ਸਾਹਮਣੇ ਆਇਆ ਤਾਂ ਪਹਿਲਾਂ ਸਬੰਧਤ ਸੁਪਰਵਾਈਜ਼ਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਜੇਕਰ ਇਕ ਤੋਂ ਵੱਧ ਕਮਰਿਆਂ ’ਚ ਨਕਲ ਦੇ ਮਾਮਲੇ ਪਾਏ ਗਏ ਤਾਂ ਪ੍ਰੀਖਿਆ ਕੇਂਦਰ ਦੇ ਸੁਪਰਡੈਂਟ ਅਤੇ ਡਿਪਟੀ ਸੁਪਰਡੈਂਟ ਖ਼ਿਲਾਫ਼ ਵੀ ਕੇਸ ਦਰਜ ਕੀਤਾ ਜਾਵੇਗਾ। ਇਹ ਵੀ ਪਤਾ ਲੱਗਾ ਹੈ ਕਿ ਹੁਣ ਤਕ ਪ੍ਰਸ਼ਨ ਪੱਤਰ ਖੋਲ੍ਹਣ ਸਮੇਂ ਸਭ ਤੋਂ ਪਹਿਲਾਂ ਪ੍ਰੀਖਿਆ ਕੇਂਦਰ ਦੇ ਕੰਟਰੋਲਰ, ਸੁਪਰਡੈਂਟ ਅਤੇ ਦੋ ਨਿਗਰਾਨਾਂ ਦੇ ਦਸਤਖਤ ਹੁੰਦੇ ਸਨ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਪੈਕੇਟ ਪਹਿਲਾਂ ਨਹੀਂ ਖੋਲ੍ਹਿਆ ਗਿਆ। ਹੁਣ ਇਸ ਪ੍ਰਸ਼ਨ ਪੱਤਰ ਵਾਲੇ ਪੈਕੇਟ ’ਤੇ ਵਿਦਿਆਰਥੀਆਂ ਦੇ ਦਸਤਖਤ ਵੀ ਲਾਜ਼ਮੀ ਹੋਣਗੇ।

Facebook Comments

Trending

Copyright © 2020 Ludhiana Live Media - All Rights Reserved.