ਖੇਤੀਬਾੜੀ

ਉੱਚ ਮਿਆਰੀ ਖੇਤੀ ਇਨਪੁਟਸ ਖੇਤੀਬਾੜੀ ਵਿਭਾਗ ਦਾ ਮੁੱਖ ਨਿਸ਼ਾਨਾ – ਡਾ਼ ਬੈਨੀਪਾਲ

Published

on

ਲੁਧਿਆਣਾ : ਪੰਜਾਬ ਸਰਕਾਰ ਦੇ ਕਿਸਾਨਾਂ ਤੱਕ ਮਿਆਰੀ ਇਨਪੁਟਸ ਪਹੁੰਚਾਉਣ ਦੇ ਅਹਿਦ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਲੁਧਿਆਣਾ ਦੀ ਫਲਾਇੰਗ ਸੁਕੈਡ ਟੀਮ ਵੱਲੋਂ ਜਾਅਲੀ ਕੀਟਨਾਸ਼ਕ ਦਵਾਈਆਂ ਅਤੇ ਖਾਦ ਬਰਾਮਦ ਕੀਤੀ ਗਈ ਹੈ। ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ਼ ਨਰਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਨਕਲੀ ਪਦਾਰਥ ਖੇਤੀਬਾੜੀ ਦੀ ਵਰਤੋਂ ਲਈ ਪੰਜਾਬ ਅਤੇ ਪੰਜਾਬ ਤੋਂ ਬਾਹਰ ਦੇ ਸੂਬਿਆਂ ਵਿੱਚ ਕਿਸਾਨਾਂ ਨੂੰ ਵੇਚਿਆ ਜਾ ਰਿਹਾ ਸੀ।

ਵਿਭਾਗ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਕੰਪਨੀ ਦੇ ਵਿਕਰੀ ਕੇਂਦਰ/ਗੁਦਾਮ ਵਿੱਚ ਚੈਕਿੰਗ ਕਰਨ ਉਪਰੰਤ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਅਤੇ ਕੰਪਨੀ ਦੇ ਜਿੰਮੇਵਾਰ ਵਿਅਕਤੀਆਂ ਖਿਲਾਫ ਥਾਣਾ ਵਿਖੇ ਐਫ਼.ਆਈ.ਆਰ ਦਰਜ਼ ਕਰਵਾਈ ਗਈ। ਉਕਤ ਕੰਪਨੀ ਅਤੇ ਜਿੰਮੇਵਾਰ ਵਿਕਅਤੀਆਂ ਖਿਲਾਫ ਖਾਦ (ਕੰਟਰੋਲ) ਆਰਡਰ 1985, ਇਨਸੈਕਟੀਸਾਈਡਜ਼ ਐਕਟ 1968 ਇਨਸੈਕਟੀਸਾਈਡਜ਼ ਰੂਲਜ਼ ਤਹਿਤ ਹੋਰ ਬਣਦੀ ਯੋਗ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਡਾ਼ ਬੈਨੀਪਾਲ ਨੇ ਜਿਲ੍ਹੇ ਦੇ ਸਮੂਹ ਰਿਟੇਲ ਅਤੇ ਹੋਲਸੇਲ ਡੀਲਰਾਂ ਅਤੇ ਕੰਪਨੀਆਂ ਨੂੰ ਸਖਤ ਚੇਤਾਵਨੀ ਦਿੰਦਿਆਂ ਕਿਹਾ ਕਿ ਕਿਸਾਨੀ ਹਿੱਤ ਵਿੱਚ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਕਿਸੇ ਵੀ ਕਿਸਮ ਦੀ ਗੈਰ-ਕਾਨੂੰਨੀ, ਅਣ-ਅਧਿਕਾਰਿਤ ਅਤੇ ਗੈਰ ਮਿਆਰੀ ਕੀੜੇਮਾਰ ਦਵਾਈਆਂ ਜਾਂ ਖਾਦਾਂ ਦੀ ਵਿਕਰੀ ਜ਼ਿਲ੍ਹੇ ਅੰਦਰ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਮੂਹ ਡੀਲਰ ਧਿਆਨ ਰੱਖਣ ਕਿ ਬਿਨ੍ਹਾਂ ਅਥਾਰਟੀ ਦੇ ਕਿਸੇ ਵੀ ਕਿਸਮ ਦੀ ਦਵਾਈ ਜਾਂ ਖਾਦ ਨਾ ਵੇਚੀ ਜਾਵੇ।

ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਉੱਚ ਮਿਆਰੀ ਖੇਤੀ ਇਨਪੁਟਸ ਦੀ ਸਪਲਾਈ ਯਕੀਣੀ ਬਣਾਉਣਾ ਵਿਭਾਗ ਦਾ ਮੁੱਖ ਨਿਸ਼ਾਨਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਲੰਘਣਾ ਕਰਨ ਵਾਲੇ ਡੀਲਰਾਂ ਅਤੇ ਕੰਪਨੀਆਂ ਖਿਲਾਫ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਸਬੰਧੀ ਸਟਾਫ ਮੀਟਿੰਗ ਦੌਰਾਨ ਜ਼ਿਲ੍ਹੇ ਦੇ ਸਮੂਹ ਬਲਾਕ ਖੇਤੀਬਾੜੀ ਅਫਸਰ ਅਤੇ ਖੇਤੀਬਾੜੀ ਵਿਕਾਸ ਅਫਸਰਾਂ ਨੂੰ ਕੁਆਲਟੀ ਕੰਟਰੋਲ ਮੁਹਿੰਮ ਚਲਾ ਕੇ ਖਾਦਾਂ, ਦਵਾਈਆਂ ਦੀ ਸਾਰੀਆਂ ਦੁਕਾਨਾਂ ਦੀ ਚੈਕਿੰਗ ਦੀਆਂ ਹਦਾਇਤਾਂ ਕੀਤੀਆਂ  ਹਨ।

Facebook Comments

Trending

Copyright © 2020 Ludhiana Live Media - All Rights Reserved.