ਪੰਜਾਬ ਨਿਊਜ਼

ਲੁਧਿਆਣਾ, ਜਲੰਧਰ ਕੈਂਟ ਤੇ ਅੰਮਿ੍ਤਸਰ ਰੇਲਵੇ ਸਟੇਸ਼ਨਾਂ ਨੂੰ ਕੌਮਾਂਤਰੀ ਪੱਧਰ ਦਾ ਬਣਾਉਣ ਦਾ ਪ੍ਰਸਤਾਵ

Published

on

ਲੁਧਿਆਣਾ : ਰੇਲਵੇ ਵਿਭਾਗ ਵਲੋਂ ਲੁਧਿਆਣਾ ਰੇਲਵੇ ਸਟੇਸ਼ਨ ਜੰਕਸ਼ਨ 300 ਕਰੋੜ ਦੀ ਲਾਗਤ ਨਾਲ ਆਧੁਨਿੱਕ ਸਹੂਲਤਾਂ ਮੁਹੱਈਆ ਕਰਾਕੇ ਕੌਮਾਂਤਰੀ ਪੱਧਰ ਦਾ ਰੇਲਵੇ ਸਟੇਸ਼ਨ ਬਣਾਉਣ ਦੀ ਯੋਜਨਾ ਉਲੀਕੀ ਹੈ, ਜਿਸ ਲਈ 15-20 ਦਿਨਾਂ ‘ਚ ਟੈਂਡਰ ਮੰਗੇ ਜਾਣ ਦੀ ਪ੍ਰਕ੍ਰਿਆ ਚੱਲ ਰਹੀ ਹੈ।

ਨਗਰ ਨਿਗਮ ਦੇ ਇਕ ਉਚ ਅਧਿਕਾਰੀ ਨੇ ਦੱਸਿਆ ਕਿ ਪ੍ਰਸਤਾਵਿਤ ਯੋਜਨਾ ਦੀ ਐਡੀਸ਼ਨਲ ਕਮਿਸ਼ਨਰ ਅਦਿਤਿਆ ਡੇਚਲਵਾਲ ਅਤੇ ਦੂਸਰੇ ਅਧਿਕਾਰੀਆਂ ਨੂੰ ਪੇਸ਼ਕਾਰੀ ਦੇਣ ਤੋਂ ਬਾਅਦ ਰੇਲਵੇ ਵਿਭਾਗ ਦੇ ਅਧਿਕਾਰੀ ਨੇ ਮੇਅਰ ਬਲਕਾਰ ਸਿੰਘ ਸੰਧੂ ਅਤੇ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਨਾਲ ਕੀਤੀ ਮੀਟਿੰਗ ਦੌਰਾਨ ਪ੍ਰਸਤਾਵਿਤ ਯੋਜਨਾ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਰੇਲਵੇ ਸਟੇਸ਼ਨ ਲੁਧਿਆਣਾ ਨੂੰ ਸਿਵਲ ਲਾਈਨ ਅਤੇ ਪੁਰਾਣੇ ਸ਼ਹਿਰ ਵਲੋਂ ਐਂਟਰੀ ਦਿੱਤੀ ਜਾਵੇਗੀ ਤਾਂ ਜੋ ਫਿਰੋਜ਼ਪੁਰ ਰੋਡ ਸਾਈਡ ਰਹਿੰਦੇ ਲੱਖਾਂ ਲੋਕਾਂ ਨੂੰ ਪੇਸ਼ ਆਉਂਦੀ ਮੁਸ਼ਕਿਲ ਦਾ ਹੱਲ ਹੋ ਸਕੇ।

ਉਨ੍ਹਾਂ ਦੱਸਿਆ ਕਿ ਬੱਸ ਸਟੈਂਡ ‘ਤੇ ਵਾਇਆ ਸ਼ਾਮ ਨਗਰ ਸਿਵਲ ਲਾਈਨ ਦੇ ਐਂਟਰੀ ਪੁਆਇੰਟ ਤੱਕ ਜਗਰਾਉਂ ਪੁਲ ਦੇ ਥੱਲਿਉਂ ਸੜਕ ਦਾ ਨਿਰਮਾਣ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਗਰਾਉਂ ਪੁਲ ਨੂੰ ਚੌੜਾ ਕਰਨ ਲਈ ਜਗ੍ਹਾ ਰਾਖਵੀਂ ਕਰਨ ਦਾ ਪ੍ਰਸਤਾਵ ਰੇਲਵੇ ਅਧਿਕਾਰੀਆਂ ਨੂੰ ਦਿੱਤਾ ਗਿਆ ਕਿਉਂਕਿ ਭਵਿੱਖ ‘ਚ ਆਬਾਦੀ ਵੱਧਣ ਨਾਲ ਵਾਹਨਾਂ ਦੀ ਗਿਣਤੀ ਵੀ ਜ਼ਿਆਦਾ ਹੋਵੇਗੀ। ਇਸ ਤੋਂ ਇਲਾਵਾ ਫਿਰੋਜ਼ਪੁਰ ਰੋਡ ‘ਤੇ ਮੈਟਰੋ ਰੇਲ ਸੇਵਾ ਵੀ ਸ਼ੁਰੂ ਕੀਤੀ ਜਾ ਸਕਦੀ ਹੈ।

ਉਨ੍ਹਾਂ ਦੱਸਿਆ ਕਿ ਰੇਲ ਮੰਤਰੀ ਵਲੋਂ ਪੰਜਾਬ ਵਿਚ ਬਣਾਏ ਜਾ ਰਹੇ ਕੌਮਾਂਤਰੀ ਪੱਧਰ ਦੇ ਰੇਲਵੇ ਸਟੇਸ਼ਨ ਲੁਧਿਆਣਾ, ਜਲੰਧਰ ਕੈਂਟ, ਅਮਿ੍ਤਸਰ ਦੀ ਯੋਜਨਾ ‘ਤੇ ਖੁਦ ਨਿਗਰਾਨੀ ਰੱਖੀ ਜਾ ਰਹੀ ਹੈ ਤੇ ਤੈਅ ਸਮੇਂ ਅੰਦਰ ਟੈਂਡਰ ਪ੍ਰਕਿਰਿਆ ਮੁਕੰਮਲ ਕਰਨ ਲਈ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਗਈ ਹੈ। ਕਿਸੇ ਵੀ ਅਧਿਕਾਰੀ ਦੀ ਕੁਤਾਹੀ ਸਾਹਮਣੇ ਆਉਣ ‘ਤੇ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ ਹੈ।

Facebook Comments

Trending

Copyright © 2020 Ludhiana Live Media - All Rights Reserved.