ਚੰਡੀਗੜ੍ਹ : ਦੇਸ਼ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਨੂੰ ਕਿਊਐੱਸ ਏਸ਼ੀਆ ਯੂਨੀਵਰਸਿਟੀ ਰੈਂਕਿੰਗ-2022 ਵਿਚ ਮੁੜ ਤੋਂ ਝਟਕਾ ਲੱਗਾ ਹੈ। ਪੀਯੂ ਪਿਛਲੇ ਸਾਲ ਦੀ ਰੈਂਕਿੰਗ ਨੂੰ ਬਰਕਰਾਰ ਨਹੀਂ ਰੱਖ ਸਕੀ ਤੇ ਇਸ ਵਾਰ 301-350 ਦੇ ਗਰੁੱਪ ਵਿਚ ਹੀ ਥਾਂ ਬਣਾ ਸਕੀ ਹੈ। ਟ੍ਰਾਈਸਿਟੀ ਤੇ ਆਸ-ਪਾਸ ਦੀਆਂ ਕਈ ਪ੍ਰਾਈਵੇਟ ਯੂਨੀਵਰਸਿਟੀਜ਼ ਪੀਯੂ ਨੂੰ ਲਗਾਤਾਰ ਪਛਾੜ ਰਹੀਆਂ ਹਨ।
ਚੰਡੀਗੜ੍ਹ ਯੂਨੀਵਰਸਿਟੀ, ਸ਼ੂਲਿਨੀ ਯੂਨੀਵਰਸਿਟੀ ਸਮੇਤ ਕਈ ਇੰਸਟੀਟਿਊਟ ਨੇ ਪੀਯੂ ਤੋਂ ਬਿਹਤਰ ਰੈਂਕਿੰਗ ਹਾਸਿਲ ਕੀਤੀ ਹੈ। ਮਾਰਚ 2022 ਵਿਚ ਪੀਯੂ ਨੈਕ ਦੀ ਵਿਜਿਟ ਤੋਂ ਪਹਿਲਾਂ ਪੀਯੂ ਦੀ ਰੈਂਕਿੰਗ ਦਾ ਡਿੱਗਣਾ ਚੰਗਾ ਇਸ਼ਾਰਾ ਨਹੀਂ ਹੈ। ਰੈਂਕਿੰਗ ਨੂੰ ਲੈ ਕੇ ਪੀਯੂ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੰਤਮ ਸਮੇਂ ’ਤੇ ਪੀਯੂ ਦੇ ਸਕੋਰ ਨੂੰ ਘੱਟ ਕਰ ਕੇ ਰੈਂਕਿੰਗ ਨੂੰ ਬਦਲ ਦਿੱਤਾ ਗਿਆ।
ਪੀਯੂ ਨੇ ਕਈ ਸੈੱਗਮੈਂਟ ਵਿਚ ਸਕੋਰ ਤਾਂ ਬਿਹਤਰ ਹਾਸਿਲ ਕੀਤੇ ਪਰ ਰੈਂਕਿੰਗ ਵਿਚ ਇਜ਼ਾਫ਼ਾ ਨਹੀਂ ਹੋ ਸਕਿਆ ਹੈ। ਕਿਊਐੱਸ ਏਸ਼ੀਆ ਯੂਨੀਵਰਸਿਟੀਜ਼ ਰੈਂਕਿੰਗ ਵਿਚ ਇਸ ਸਾਲ 38 ਨਵੀਂਆਂ ਸੰਸਥਾਵਾਂ ਸਮੇਤ ਏਸ਼ੀਆ ਵਿਚ 675 ਐਜੂਕੇਸ਼ਨਲ ਇੰਸਟੀਟਿਊਟ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਵਿਚ ਭਾਰਤ ਵਿਚ ਕੁੱਲ 119 ਸੰਸਥਾਵਾਂ ਦਾ ਮੁਲਾਂਕਣ ਕੀਤਾ ਗਿਆ।
ਆਈਆਈਟੀ ਮੁੰਬਈ (42), ਆਈਆਈਟੀ ਦਿੱਲੀ (45), ਜੇਐੱਨਯੂ ਦਿੱਲੀ (107), ਬਿਟਸ ਪਿਲਾਨੀ (194) ਅਸ਼ੋਕਾ ਯੂਨੀਵਰਸਿਟੀ ਸੋਨੀਪਤ (239) ਨੇ ਰੈਂਕਿੰਗ ਵਿਚ ਬਿਹਤਰ ਪ੍ਰਦਰਸ਼ਨ ਕੀਤਾ ਹੈ। ਰਿਸਰਚ ਦੇ ਮਾਮਲੇ ਵਿਚ ਪੀਯੂ ਨੂੰ ਇਸ ਵਾਰ ਬਿਹਤਰ ਅੰਕ ਮਿਲੇ ਹਨ ਪਰ ਕੌਮਾਂਤਰੀ ਵਕਾਰ ਪੱਖੋਂ ਪੀਯੂ ਦਾ ਰੈਂਕ 239 ਤੋਂ ਡਿੱਗ ਕੇ 249 ’ਤੇ ਪਹੁੰਚ ਗਿਆ ਹੈ।