ਅਪਰਾਧ

ਕੈਦੀਆਂ ਨੇ ਡਿਪਟੀ ਸੁਪਰਡੈਂਟ ‘ਤੇ ਕੀਤਾ ਹਮਲਾ, ਜਾਨੋਂ ਮਾਰਨ ਦੀਆਂ ਦਿੱਤੀਆਂ ਧਮਕੀਆਂ

Published

on

ਲੁਧਿਆਣਾ : ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਬੈਂਸ ਦੇ ਦੌਰੇ ਤੋਂ ਪਹਿਲਾਂ ਕੇਂਦਰੀ ਜੇਲ੍ਹ ਵਿਵਾਦਾਂ ਵਿੱਚ ਘਿਰ ਗਈ ਹੈ। ਚੈਕਿੰਗ ਲਈ ਗਏ ਡਿਪਟੀ ਜੇਲਰ ‘ਤੇ ਕੈਦੀਆਂ ਨੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਜੇਲ੍ਹ ਵਿਭਾਗ ਨੇ ਜੇਲ੍ਹ ਵਿੱਚੋਂ ਜਰਦਾ ਅਤੇ ਛੇ ਮੋਬਾਈਲ ਫੋਨ ਵੀ ਬਰਾਮਦ ਕੀਤੇ ਹਨ। ਦੱਸ ਦੇਈਏ ਕਿ ਜੇਲ੍ਹ ਮੰਤਰੀ ਅੱਜ ਬਾਅਦ ਦੁਪਹਿਰ ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਆ ਰਹੇ ਹਨ ਅਤੇ ਉਨ੍ਹਾਂ ਵੱਲੋਂ ਇੱਥੇ ਇਕ ਰਿਟੇਲ ਸਟੋਰ ਦਾ ਉਦਘਾਟਨ ਕੀਤਾ ਜਾਣਾ ਹੈ।

ਡਿਪਟੀ ਜੇਲ੍ਹਰ ਅਨੂ ਮਲਿਕ ਕੇਂਦਰੀ ਜੇਲ੍ਹ ਵਿੱਚ ਚੈਕਿੰਗ ਕਰ ਰਹੇ ਸਨ, ਜਦੋਂ ਉਹ ਬੈਰਕ ਨੰ.੩ ਦੀ ਤਲਾਸ਼ੀ ਕਰ ਰਹੇ ਸਨ ਤਾਂ ਇਸ ਦੌਰਾਨ ਜੇਲ੍ਹ ਵਿੱਚ ਬੰਦ ਕੈਦੀ ਰਣਬੀਰ ਸਿੰਘ ਕੋਲੋਂ ਇਕ ਮੋਬਾਈਲ ਬਰਾਮਦ ਹੋਇਆ। ਇਸ ਕਾਰਵਾਈ ਤੋਂ ਗੁੱਸੇ ‘ਚ ਆ ਕੇ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਡਿਪਟੀ ਜੇਲ੍ਹਰ ‘ਤੇ ਹਮਲਾ ਕਰ ਦਿੱਤਾ। ਪੁਲਿਸ ਨੇ ਰਣਬੀਰ ਸਿੰਘ, ਹਰਮਿੰਦਰ ਸਿੰਘ, ਗੌਰਵ ਕੁਮਾਰ, ਅਮਨਦੀਪ ਸਿੰਘ, ਜਸਪ੍ਰੀਤ ਸਿੰਘ ਖ਼ਿਲਾਫ਼ ਸਰਕਾਰੀ ਨੌਕਰੀ ਵਿੱਚ ਰੁਕਾਵਟ ਪਾਉਣ, ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਸੱਟਾਂ ਮਾਰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

ਇਸੇ ਤਰ੍ਹਾਂ ਡਿਪਟੀ ਜੇਲ੍ਹਰ ਇੰਦਰਪ੍ਰੀਤ ਸਿੰਘ ਨੇ ਸੁਸ਼ੀਲ ਕੁਮਾਰ ਕੋਲੋਂ ਦੋ ਮੋਬਾਈਲ ਫ਼ੋਨ, ਡਿਪਟੀ ਜੇਲ੍ਹਰ ਸੁਖਪਾਲ ਸਿੰਘ ਨੇ ਇਕ ਮੋਬਾਈਲ ਫ਼ੋਨ, ਡਿਪਟੀ ਜੇਲ੍ਹਰ ਕਸ਼ਮੀਰ ਲਾਲ ਨੇ ਮੁਹੰਮਦ ਉਮਰ ਤੋਂ ਇਕ ਮੋਬਾਈਲ ਫ਼ੋਨ, ਡਿਪਟੀ ਜੇਲ੍ਹਰ ਇੰਦਰਪ੍ਰੀਤ ਸਿੰਘ ਨੇ ਕੈਦੀ ਯੋਗੇਸ਼ ਕੁਮਾਰ ਕੋਲੋਂ ਇਕ ਮੋਬਾਈਲ ਫ਼ੋਨ ਬਰਾਮਦ ਕੀਤਾ ਹੈ। ਇੰਨਾ ਹੀ ਨਹੀਂ ਡਿਪਟੀ ਜੇਲਰ ਸੁਖਦੇਵ ਸਿੰਘ ਨੇ ਰਜਿੰਦਰਪਾਲ ਸਿੰਘ ਕੋਲੋਂ 20 ਗ੍ਰਾਮ ਚੂਰਾ ਪੋਸਤ ਵੀ ਬਰਾਮਦ ਕੀਤਾ ਹੈ।

Facebook Comments

Trending

Copyright © 2020 Ludhiana Live Media - All Rights Reserved.