ਪੰਜਾਬੀ

ਅੱਜ ਸ਼ਹਿਰ ਦੇ ਕਈ ਇਲਾਕਿਆਂ ‘ਚ ਬੰਦ ਰਹੇਗੀ ਬਿਜਲੀ, ਜਾਣੋ ਕਿੰਨੇ ਘੰਟੇ ਲੱਗੇਗਾ ਕੱਟ

Published

on

ਲੁਧਿਆਣਾ : ਸ਼ਹਿਰ ਦੇ ਲੋਕਾਂ ਨੂੰ ਇੱਕ ਵਾਰ ਫਿਰ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 11 ਕੇਵੀ ਫੀਡਰ ਦੀ ਮੁਰੰਮਤ ਕਾਰਨ ਅੱਜ ਸੋਮਵਾਰ ਨੂੰ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਕਈ ਇਲਾਕਿਆਂ ‘ਚ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਕੱਟ ਰਹੇ ਹਨ। ਇਸ ਵਿੱਚ ਈਸ਼ਰ ਨਗਰ ਬਲਾਕ ਏ, ਬੀ ਅਤੇ ਸੀ, ਢਿੱਲੋਂ ਨਗਰ, ਲੋਹਾਰਾ ਪਿੰਡ ਅਤੇ ਸਟਾਰ ਰੋਡ ਦੇ ਨਾਲ ਲੱਗਦੇ ਖੇਤਰ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਪਾਵਰਕੌਮ ਕੋਲ ਕੋਲੇ ਦਾ ਘੱਟ ਸਟਾਕ ਬਚਿਆ ਹੈ। ਇਸ ਕਾਰਨ ਹੋਰਨਾਂ ਜ਼ਿਲ੍ਹਿਆਂ ਦੇ ਲੋਕਾਂ ਨੂੰ ਵੀ ਬਿਜਲੀ ਦੇ ਕੱਟਾਂ ਨਾਲ ਜੂਝਣਾ ਪੈ ਰਿਹਾ ਹੈ। ਉਧਰ, ਪੰਜਾਬ ਸਰਕਾਰ ਨੇ 1 ਜੁਲਾਈ ਤੋਂ ਘਰੇਲੂ ਖਪਤਕਾਰਾਂ ਨੂੰ ਬਿਜਲੀ ਯੂਨਿਟ ਮੁਫ਼ਤ ਦੇਣ ਦਾ ਐਲਾਨ ਕੀਤਾ ਹੈ।

ਪੰਜਾਬ ‘ਚ ਗਰਮੀ ਦਾ ਮੌਸਮ ਅਜੇ ਆਪਣੇ ਸਿਖਰ ‘ਤੇ ਨਹੀਂ ਪਹੁੰਚਿਆ ਹੈ ਅਤੇ ਬਿਜਲੀ ਦੀ ਮੰਗ ਵੀ ਆਮ ਵਾਂਗ ਹੈ। ਇਸ ਦੇ ਬਾਵਜੂਦ ਕੋਲੇ ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਗੋਇੰਦਵਾਲ ਸਾਹਿਬ ਪਾਵਰ ਪਲਾਂਟ ਕੋਲੇ ਦੀ ਘਾਟ ਕਾਰਨ ਪਹਿਲਾਂ ਹੀ ਬੰਦ ਪਿਆ ਹੈ। ਤਲਵੰਡੀ ਸਾਬੋ ਪਲਾਂਟ ਕੋਲ ਵੀ ਦੋ ਦਿਨ ਦਾ ਕੋਲਾ ਬਚਿਆ ਹੈ। ਲਹਿਰਾ ਮੁਹੱਬਤ ਪਲਾਂਟ ਵਿੱਚ ਸੱਤ ਦਿਨ, ਰੋਪੜ ਪਲਾਂਟ ਵਿੱਚ 11 ਦਿਨ ਅਤੇ ਰਾਜਪੁਰਾ ਪਲਾਂਟ ਵਿੱਚ 19 ਦਿਨ ਕੋਲਾ ਪਿਆ ਹੈ।

ਜੇਕਰ ਦੋ-ਤਿੰਨ ਦਿਨਾਂ ਵਿੱਚ ਕੋਲਾ ਨਾ ਆਇਆ ਤਾਂ ਤਲਵੰਡੀ ਸਾਬੋ ਪਲਾਂਟ ਬੰਦ ਹੋ ਸਕਦਾ ਹੈ। ਮੌਸਮ ਵਿੱਚ ਆਈ ਤਬਦੀਲੀ ਕਾਰਨ ਸ਼ਨੀਵਾਰ ਸ਼ਾਮ ਤੱਕ ਪੰਜਾਬ ਵਿੱਚ 7,230 ਮੈਗਾਵਾਟ ਬਿਜਲੀ ਦੀ ਮੰਗ ਸੀ। ਰਾਜ ਵਿੱਚ ਬਿਜਲੀ ਉਤਪਾਦਨ 3,770 ਮੈਗਾਵਾਟ ਰਿਹਾ, ਜਦੋਂ ਕਿ 3,440 ਮੈਗਾਵਾਟ ਬਾਹਰੋਂ ਮੰਗਵਾਈ ਗਈ। ਗੋਇੰਦਵਾਲ ਸਾਹਿਬ ਦੇ ਦੋਵੇਂ ਯੂਨਿਟ ਕੋਲੇ ਦੀ ਘਾਟ ਕਾਰਨ ਬੰਦ ਪਏ ਹਨ।

ਤਲਵੰਡੀ ਸਾਬੋ ਦੇ ਦੋ ਯੂਨਿਟਾਂ ਵਿੱਚੋਂ ਸਿਰਫ਼ ਇੱਕ ਹੀ ਚੱਲ ਰਿਹਾ ਹੈ। ਲਹਿਰਾ ਮੁਹੱਬਤ ਪਲਾਂਟ ਦੇ ਚਾਰ ਵਿੱਚੋਂ ਦੋ ਯੂਨਿਟ ਅਤੇ ਰੋਪੜ ਪਲਾਂਟ ਦੇ ਚਾਰ ਵਿੱਚੋਂ ਦੋ ਯੂਨਿਟ ਬੰਦ ਪਏ ਹਨ। ਪਾਵਰਕੌਮ ਦੇ ਪੀਆਰਓ ਮਨਮੋਹਨ ਸਿੰਘ ਨੇ ਦੱਸਿਆ ਕਿ ਯੂਨਿਟਾਂ ਦੀ ਸਥਿਤੀ ਸਬੰਧੀ ਦਸਤਾਵੇਜ਼ ਮੰਗਵਾਏ ਗਏ ਹਨ, ਜਿਸ ਤੋਂ ਬਾਅਦ ਹੀ ਅਸਲ ਸਥਿਤੀ ਦਾ ਪਤਾ ਲੱਗੇਗਾ।

Facebook Comments

Trending

Copyright © 2020 Ludhiana Live Media - All Rights Reserved.