ਪੰਜਾਬ ਨਿਊਜ਼

ਸਕੂਲ ਆਫ ਐਮੀਨੈਂਸ’ ‘ਚ 9ਵੀਂ ਤੇ 11ਵੀਂ ਕਲਾਸ ‘ਚ ਦਾਖ਼ਲੇ ਲਈ ਪੋਰਟਲ ਲਾਂਚ, ਇਸ ਦਿਨ ਹੋਵੇਗੀ ਪ੍ਰੀਖਿਆ

Published

on

ਲੁਧਿਆਣਾ : ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿਚ ਪ੍ਰਸਿੱਧ ਸੂਬਾ ਬਣਾਉਣ ਅਤੇ ਵਿਦਿਆਰਥੀਆਂ ਨੂੰ ਉੱਚ ਕੁਆਲਿਟੀ ਐਜੂਕੇਸ਼ਨ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿਚ ਸੂਬੇ ’ਚ 117 ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਵਿਚ 9ਵੀਂ ਅਤੇ 11ਵੀਂ ਕਲਾਸ ਦੇ ਦਾਖ਼ਲੇ ਲਈ ਵਿਭਾਗ ਵੱਲੋਂ ਪੋਰਟਲ ਲਾਂਚ ਕੀਤਾ ਗਿਆ।

ਇਨ੍ਹਾਂ ਸਕੂਲਾਂ ਵਿਚ ਉਪਰੋਕਤ ਕਲਾਸਾਂ ਵਿਚ ਦਾਖ਼ਲਾ ਲੈਣ ਦੇ ਇੱਛੁਕ ਵਿਦਿਆਰਥੀ ਵਿਭਾਗ ਵੱਲੋਂ ਜਾਰੀ ਪੋਰਟਲ ’ਤੇ ਆਪਣੀ ਰਜਿਸਟ੍ਰੇਸ਼ਨ 10 ਮਾਰਚ ਤੱਕ ਕਰਵਾ ਸਕਦੇ ਹਨ। ਪ੍ਰੀਖਿਆ 19 ਮਾਰਚ ਦਿਨ ਐਤਵਾਰ ਨੂੰ ਆਯੋਜਿਤ ਕੀਤੀ ਜਾਵੇਗੀ। ਬੀਤੇ ਦਿਨੀਂ ਮੁੱਖ ਮੰਤਰੀ ਮਾਨ ਨੇ ਪੋਰਟਲ ਲਾਂਚ ਕਰਦੇ ਸਮੇਂ ਕਿਹਾ ਸੀ ਕਿ ਇਹ ਸਕੂਲ ਵਿਦਿਆਰਥੀਆਂ ਦੇ ਜੀਵਨ ਨੂੰ ਨਵੀਂ ਦਿਸ਼ਾ ਦੇ ਕੇ ਉਨ੍ਹਾਂ ਦੇ ਜੀਵਨ ਨੂੰ ਬਦਲਣ ਦਾ ਕੰਮ ਕਰਨਗੇ।

ਮੁੱਖ ਮੰਤਰੀ ਨੇ ਕਿਹਾ ਸੀ ਕਿ ਤਕਰੀਬਨ ਇਕ ਮਹੀਨਾ ਪਹਿਲਾਂ, ਪਹਿਲਾ ‘ਸਕੂਲ ਆਫ਼ ਐਮੀਨੈਂਸ’ ਸੂਬੇ ਦੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਸੀ। ਇਹ ਸਕੂਲ ਵਿਦਿਆਰਥੀਆਂ ਨੂੰ ਮੈਡੀਕਲ (ਐਮ.ਬੀ.ਬੀ.ਐੱਸ.), ਆਈ.ਆਈ.ਟੀ., ਐੱਮ.ਬੀ.ਏ ਅਤੇ ਕਾਨੂੰਨ ਦੇ ਖੇਤਰ ਵਿੱਚ ਮਿਆਰੀ ਸਿੱਖਿਆ ਪ੍ਰਦਾਨ ਕਰਨਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵਿਦਿਆਰਥੀ 21ਵੀਂ ਸਦੀ ਦੇ ਮੁਕਾਬਲੇ ਦੇ ਯੁੱਗ ਦੇ ਹਾਣ ਦੇ ਬਣ ਸਕਣ।

ਦੱਸਣਯੋਗ ਹੈ ਕਿ ਇਨ੍ਹਾਂ ਸਕੂਲਾਂ ਵਿੱਚ 75 ਫ਼ੀਸਦੀ ਸੀਟਾਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਰਾਖਵੀਆਂ ਹੋਣਗੀਆਂ, ਜਦੋਂ ਕਿ ਬਾਕੀ 25 ਫ਼ੀਸਦੀ ਸੀਟਾਂ ਪ੍ਰਾਈਵੇਟ ਸਕੂਲਾਂ ਲਈ ਰਾਖਵੀਆਂ ਹੋਣਗੀਆਂ। ਮਾਪੇ ਇਸ ਪੋਰਟਲ ‘ਤੇ 10 ਮਾਰਚ ਤੱਕ ਅਪਲਾਈ ਕਰ ਸਕਦੇ ਹਨ ਅਤੇ ਇਹ ਯਕੀਨੀ ਬਣਾ ਸਕਦੇ ਹਨ ਕਿ ਉਨ੍ਹਾਂ ਦੇ ਬੱਚੇ ਸਿੱਖਿਆ ਦੇ ਖੇਤਰ ਵਿੱਚ ਵਧੀਆ ਪ੍ਰਦਰਸ਼ਨ ਕਰਨ।

Facebook Comments

Trending

Copyright © 2020 Ludhiana Live Media - All Rights Reserved.