ਮਾਨਸਾ: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਚਾਚਾ ਚਮਕੌਰ ਸਿੰਘ ਦੀ ਸੁਰੱਖਿਆ ਲਈ ਤਾਇਨਾਤ ਪੁਲਿਸ ਮੁਲਾਜ਼ਮ ਹਰਦੀਪ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਸੂਤਰਾਂ ਅਨੁਸਾਰ ਇਹ ਗੋਲੀ ਹਰਦੀਪ ਸਿੰਘ ਦੇ ਹਥਿਆਰ ਤੋਂ ਚਲਾਈ ਗਈ ਸੀ।ਪਰਿਵਾਰਕ ਮੈਂਬਰਾਂ ਅਨੁਸਾਰ ਪਿਸਤੌਲ ਸਾਫ਼ ਕਰਦੇ ਸਮੇਂ ਅਚਾਨਕ ਗੋਲੀ ਚੱਲ ਗਈ ਅਤੇ ਹਰਦੀਪ ਸਿੰਘ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਰਸਤੇ ਵਿਚ ਹੀ ਮੌਤ ਹੋ ਗਈ |
ਹਰਦੀਪ ਸਿੰਘ ਮਾਨਸਾ ਦੇ ਪਿੰਡ ਫਫੜੇ ਭਾਈਕੇ ਦਾ ਰਹਿਣ ਵਾਲਾ ਸੀ। ਫਿਲਹਾਲ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਇੱਥੇ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਸੁਰੱਖਿਆ ਲਈ ਤਾਇਨਾਤ ਤਿੰਨ ਗੰਨਮੈਨਾਂ ਵਿਚਾਲੇ ਝੜਪ ਹੋ ਗਈ ਸੀ।ਇਸ ਝੜਪ ਦੌਰਾਨ ਦੋ ਸੁਰੱਖਿਆ ਕਰਮੀਆਂ ਨੇ ਇੱਕ ਹੋਰ ਸੁਰੱਖਿਆ ਕਰਮਚਾਰੀ ਦੇ ਸਿਰ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਜ਼ਖਮੀ ਹੋ ਗਿਆ।