ਇੰਡੀਆ ਨਿਊਜ਼

ਢਾਈ ਘੰਟੇ ਗੁਫਾ ‘ਚ ਫਸੇ ਰਹੇ ਸ਼ਰਧਾਲੂ, ਬਾਲਟਾਲ ਪਰਤਦੇ ਸਮੇਂ ਮਲਬੇ ‘ਚ ਦਿੱਸਿਆ ਤਬਾਹੀ ਦਾ ਮੰਜ਼ਰ

Published

on

ਲੁਧਿਆਣਾ : ਸ਼੍ਰੀ ਅਮਰਨਾਥ ਦੀ ਪਵਿੱਤਰ ਗੁਫਾ ਵਿਚ ਭੋਲੇ ਬਾਬਾ ਦੀ ਆਰਤੀ ਚੱਲ ਰਹੀ ਸੀ, ਸਾਰੇ ਬਾਬਾ ਜੀ ਦੀ ਭਗਤੀ ਵਿਚ ਲੀਨ ਸੀ, ਆਖਰੀ ਸਮੇਂ ਜਦੋਂ ਬਾਬਾ ਜੀ ਦੇ ਜੈਕਾਰੇ ਸ਼ੁਰੂ ਹੋਣ ਹੀ ਵਾਲੇ ਸੀ ਕਿ ਅਚਾਨਕ ਹੀ ਅਨਾਊਂਸਮੈਂਟ ਹੋਈ ਕਿ ਬਾਹਰ ਬਾਦਲ ਫੱਟਣ ਨਾਲ ਹਾਦਸਾ ਵਾਪਰਿਆ ਹੈ।

ਉਪਰੋਕਤ ਹਾਦਸੇ ਬਾਰੇ ਸ਼ਹਿਰ ਦੇ ਨਿਵਾਸੀ ਅਮਨਦੀਪ ਸਿੰਘ ਨੇ ਦੱਸਿਆ ਕਿ ਸਾਰੇ ਯਾਤਰੀ ਇੱਥੇ ਹਨ ਮੈਂ ਤੇ ਮੇਰੇ 18 ਸਾਥੀ ਗੁਫਾ ਵਿਚ ਸੀ। ਸਾਨੂੰ ਸਾਰਿਆਂ ਨੂੰ ਗੁਫਾ ਤੋਂ ਹੇਠਾਂ ਨਹੀਂ ਆਉਣ ਦਿੱਤਾ ਤੇ ਅਸੀਂ ਤਕਰੀਬਨ ਢਾਈ ਘੰਟੇ ਤਕ ਉਥੇ ਗੁਫਾ ਵਿਚ ਰੁਕੇ ਰਹੇ। ਉਸ ਸਮੇਂ ਗੁਫਾ ਵਿਚ ਸੈਂਕਡ਼ੇ ਲੋਕ ਮੌਜੂਦ ਸੀ। ਜਿਵੇਂ ਹੀ ਸਾਨੂੰ ਬਾਹਰ ਬੱਦਲ ਫੱਟਣ ਦੀ ਸੂੁਚਨਾ ਮਿਲੀ ਤਾਂ ਸਾਰੇ ਮਹਾਦੇਵ ਦੇ ਜੈਕਾਰੇ ਲਾਉਣ ਲੱਗੇ। ਗੁਫਾ ਦੇ ਬਾਹਰ ਬਿਲਕੁਲ ਸਾਹਮਣੇ ਇਕ ਤੋਂ ਬਾਅਦ ਇਕ ਹੈਲੀਕਾਪਟਰ ਆ ਰਹੇ ਸੀ ਤੇ ਯਾਤਰੀਆਂ ਦਾ ਬਚਾਅ ਕੀਤਾ ਜਾ ਰਿਹਾ ਸੀ।

ਅਮਨਦੀਪ ਨੇ ਅੱਗੇ ਦੱਸਿਆ ਕਿ ਕਰੀਬ ਅੱਠ ਵਜੇ ਦੇ ਬਾਅਦ ਹੇਠਾਂ ਜਾਣ ਦੀ ਮਨਜ਼ੂਰੀ ਦਿੱਤੀ ਗਈ ਤੇ ਹਜ਼ਾਰਾਂ ਦੀ ਗਿਣਤੀ ਵਿਚ ਪੈਦਲ ਯਾਤਰੀ ਬਾਲਟਾਲ ਵੱਲ ਰਵਾਨਾ ਹੋ ਰਹੇ ਸੀ। ਅਮਨ ਨੇ ਦੱਸਿਆ ਕਿ ਸਾਰਿਆਂ ਵਿਚ ਦਹਿਸ਼ਤ ਦਾ ਮਾਹੌਲ ਸੀ ਤੇ ਕਿਸੇ ਨੂੰ ਰਸਤੇ ਵਿਚ ਰੁਕਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਸੀ। ਉਨ੍ਹਾਂ ਨੇ ਗੁਫਾ ਤੋਂ ਬਾਲਟਾਲ ਤਕ ਦਾ ਸਫਰ ਬਿਨਾਂ ਰੁਕੇ ਕੀਤਾ।

ਅਮਨਦੀਪ ਨੇ ਅੱਗੇ ਦੱਸਿਆ ਕਿ ਗੁਫਾ ਦੀ ਇਕ ਸਾਈਡ ਤੋਂ ਪਹਾਡ਼ ਦੇ ਉਪਰੋਂ ਮਲਬਾ ਹੇਠਾਂ ਆਇਆ ਤੇ ਕਈ ਟੈਂਟ ਤੇ ਲੋਕਾਂ ਨੂੰ ਆਪਣੇ ਨਾਲ ਰੋਡ਼੍ਹ ਕੇ ਲੈ ਗਿਆ। ਬੱਦਲ ਫੱਟਣ ਦੇ ਕਾਰਨ ਰਸਤੇ ਵਿਚ ਕਈ ਜਗ੍ਹਾ ਬਿਜਲੀ ਬੰਦ ਰਹੀ। ਉਨ੍ਹਾਂ ਨੇ ਪੈਦਲ ਚਲਦੇ ਸਮੇਂ ਕਈ ਲੋਕਾਂ ਦੇ ਅੰਗ ਮਲਬੇ ਵਿਚ ਜਾਂਦੇ ਹੋਏ ਦੇਖੇ ਹਨ। ਦੇਰ ਰਾਤ ਦਸ ਵਜੇ ਤਕ ਵੀ ਫ਼ੌਜ ਦੇ ਹੈਲੀਕਾਪਟਰ ਉਥੋਂ ਜ਼ਖਮੀ ਲੋਕਾਂ ਨੂੰ ਕੱਢ ਰਹੇ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਗੁਫਾ ਤੋਂ ਹੇਠਾਂ ਉਤਰਦੇ ਸਮੇਂ ਫੌਜ ਦਾ ਸਟ੍ਰੇਚਰ ’ਤੇ ਜ਼ਖਮੀਆਂ ਨੂੰ ਉਠਾਉਂਦੇ ਹੋਏ ਦੇਖਿਆ ਹੈ।

ਘਟਨਾ ਦੇ ਤੁਰੰਤ ਬਾਅਦ ਹੀ ਫੌਜ ਪੂਰੀ ਤਰ੍ਹਾਂ ਨਾਲ ਹਰਕਤ ਵਿਚ ਆ ਗਈ ਸੀ। ਐੱਨਡੀਆਰਐੱਫ ਤੇ ਨੀਮ ਫੌਜੀ ਬਲਾਂ ਨੇ ਗੁਫਾ ਦੇ ਕੋਲ ਸਾਰੇ ਟੈਂਟਾਂ ਤੇ ਲੰਗਰਾਂ ਨੂੰ ਖਾਲੀ ਕਰਵਾ ਦਿੱਤਾ ਹੈ। ਇਸ ਤੋਂ ਇਲਾਵਾ ਟਾਪ ਦੀ ਦੁਕਾਨਾਂ ਵੀ ਬੰਦ ਕਰਵਾ ਦਿੱਤੀਆਂ ਗਈਆਂ ਤੇ ਉਥੋਂ ਲੋਕਾਂ ਨੂੰ ਹੇਠਾਂ ਜਾਣ ਲਈ ਕਿਹਾ ਗਿਆ ਹੈ। ਦੇਰ ਰਾਤ ਦੁਮੇਲ ਤੇ ਬਾਲਟਾਲ ਬੇਸ ਕੈਂਪ ’ਤੇ ਲੱਗੇ ਲੰਗਰਾਂ ਦੇ ਟੈਂਟਾਂ ਵਿਚ ਹਜ਼ਾਰਾਂ ਲੋਕ ਮੌਜੂਦ ਸੀ।

Facebook Comments

Trending

Copyright © 2020 Ludhiana Live Media - All Rights Reserved.