ਪੰਜਾਬ ਨਿਊਜ਼

ਪੀ.ਏ.ਯੂ. ਦੇ ਵਾਈਸ ਚਾਂਸਲਰ ਨੇ ਡਾ. ਸਵਾਮੀਨਾਥਨ ਦੇ ਦੇਹਾਂਤ ਤੇ ਉਹਨਾਂ ਦੀ ਦੇਣ ਨੂੰ ਕੀਤਾ ਯਾਦ 

Published

on

ਸੰਸਾਰ ਪ੍ਰਸਿੱਧ ਖੇਤੀ ਵਿਗਿਆਨੀ ਅਤੇ ਦੇਸ਼ ਵਿਚ ਹਰੀ ਕ੍ਰਾਂਤੀ ਦੇ ਪਿਤਾਮਾ ਸਮਝੇ ਜਾਣ ਵਾਲੇ ਡਾ. ਐੱਮ ਐੱਸ ਸਵਾਮੀਨਾਥਨ ਦੇ ਦਿਹਾਂਤ ਤੇ ਉਹਨਾਂ ਦੀਆਂ ਸੇਵਾਵਾਂ ਅਤੇ ਦੇਣ ਨੂੰ ਪੀ.ਏ.ਯੂ. ਵਿਚ ਯਾਦ ਕੀਤਾ ਗਿਆ| ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਉਹਨਾਂ ਨੂੰ ਭਾਰਤ ਵਿਚ ਕਿਸਾਨੀ ਦੀ ਬਿਹਤਰੀ ਲਈ ਲਗਾਤਾਰ ਯਤਨਸ਼ੀਲ ਰਹਿਣ ਵਾਲਾ ਸੁਹਿਰਦ ਖੇਤੀ ਵਿਗਿਆਨੀ ਕਿਹਾ| ਉਹਨਾਂ ਕਿਹਾ ਕਿ ਡਾ. ਸਵਾਮੀਨਾਥਨ ਦੀ ਮੌਤ ਨਾਲ ਖੇਤੀ ਖੇਤਰ ਵਿਚ ਕਦੇ ਨਾ ਪੂਰਿਆ ਜਾ ਸਕਣ ਵਾਲਾ ਖਲਾਅ ਪੈਦਾ ਹੋ ਗਿਆ ਹੈ|
ਡਾ. ਗੋਸਲ ਨੇ ਕਿਹਾ ਕਿ ਡਾ. ਸਵਾਮੀਨਾਥਨ ਨੇ ਨੌਰਮਨ ਬੋਰਲਾਗ ਨਾਲ ਮਿਲ ਕੇ ਕਣਕ ਦੀਆਂ ਵਧੇਰੇ ਝਾੜ ਦੇਣ ਵਾਲੀਆਂ ਕਿਸਮਾਂ ਦੇ ਨਾਲ-ਨਾਲ ਝੋਨੇ ਦੀਆਂ ਵੱਧ ਉਪਜ ਵਾਲੀਆਂ ਕਿਸਮਾਂ ਦਾ ਵਿਕਾਸ ਕੀਤਾ| ਡਾ. ਗੋਸਲ ਨੇ ਯਾਦ ਕੀਤਾ ਕਿ ਡਾ. ਸਵਾਮੀਨਾਥਨ ਦੀਆਂ ਕੋਸ਼ਿਸ਼ਾਂ ਸਦਕਾ ਖੇਤੀ ਵਿਚ ਉਤਪਾਦਨ ਤਕਨੀਕਾਂ ਦੀ ਵੀ ਕ੍ਰਾਂਤੀ ਦੇਖਣ ਨੂੰ ਮਿਲੀ ਅਤੇ ਭਾਰਤ ਵਾਧੂ ਅਨਾਜ ਵਾਲਾ ਦੇਸ਼ ਬਣਨ ਵੱਲ ਤੁਰਿਆ|
ਵਾਈਸ ਚਾਂਸਲਰ ਨੇ ਭਾਵਪੂਰਤ ਸ਼ਬਦਾਂ ਨਾਲ ਯਾਦ ਕੀਤਾ ਕਿ ਉਹਨਾਂ ਨੂੰ 1987 ਵਿਚ ਵਿਸ਼ਵ ਭੋਜਨ ਪੁਰਸਕਾਰ ਨਾਲ ਨਿਵਾਜਿਆ ਗਿਆ| ਇਸ ਤੋਂ ਪਹਿਲਾਂ 1986 ਵਿਚ ਅਲਬਰਡ ਆਇਨਸਟਾਈਨ ਵਿਸ਼ਵ ਵਿਗਿਆਨ ਪੁਰਕਸਾਰ ਨਾਲ ਅਤੇ 1971 ਵਿਚ ਰੇਮਾਨ ਮੈਗਸਾਸੇ ਪੁਰਸਕਾਰ ਨਾਲ ਡਾ. ਸਵਾਮੀਨਾਥਨ ਦਾ ਸਨਮਾਨ ਹੋਇਆ| ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ਪਦਮਸ਼੍ਰੀ, ਪਦਮ ਭੂਸ਼ਣ ਅਤੇ ਪਦਮ ਵਿਭੂਸ਼ਣ ਉਹਨਾਂ ਨੂੰ ਪ੍ਰਦਾਨ ਕੀਤੇ ਗਏ| ਭਰੇ ਮਨ ਨਾਲ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਡਾ. ਸਵਾਮੀਨਾਥਨ ਦੀ ਵਿਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ|

Facebook Comments

Trending

Copyright © 2020 Ludhiana Live Media - All Rights Reserved.