ਪੰਜਾਬੀ

ਪੀ.ਏ.ਯੂ. ਦਾ ਅੰਤਰ ਕਾਲਜ ਯੁਵਕ ਮੇਲਾ ਧੂਮ ਧੜੱਕੇ ਨਾਲ ਨੇਪਰੇ ਚੜਿਆ

Published

on

ਲੁਧਿਆਣਾ : ਪੀ.ਏ.ਯੂ ਦਾ ਅੰਤਰ ਕਾਲਜ ਯੁਵਕ ਮੇਲਾ ਸੱਭਿਆਚਾਰਕ ਰੰਗਤ ਬਿਖੇਰਦਾ ਸਮਾਪਤ ਹੋ ਗਿਆ। ਸਵੇਰ ਦੇ ਸੈਸ਼ਨ ਵਿੱਚ ਸਕਿੱਟ, ਮਮਿਕਰੀ ਅਤੇ ਲੰਮੀ ਹੇਕ ਵਾਲੇ ਗੀਤਾਂ ਦੇ ਮੁਕਾਬਲੇ ਹੋਏ । ਔਰਤਾਂ ਅਤੇ ਮਰਦਾਂ ਦੇ ਲੋਕ ਨਾਚਾਂ ਦੇ ਮੁਕਾਬਲੇ ਦੇਖਣ ਨੂੰ ਮਿਲੇ । ਇਨਾਮ ਵੰਡ ਸਮਾਗਮ ਦੇ ਮੁੱਖ ਮਹਿਮਾਨ ਲੁਧਿਆਣਾ ਰੇਂਜ ਦੇ ਇੰਸਪੈਕਟਰ ਜਨਰਲ ਸ਼੍ਰੀ ਕੌਸਤੁਭ ਸ਼ਰਮਾ ਆਈ ਪੀ ਐੱਸ ਸਨ ।

ਇਸ ਮੌਕੇ ਸ਼੍ਰੀ ਕੌਸਤੁਭ ਸ਼ਰਮਾ ਨੇ ਕਿਹਾ ਕਿ ਇਹ ਯੁਵਕ ਮੇਲੇ ਜਿਉਂਦੇ ਜਾਗਦੇ ਪੰਜਾਬ ਦੀ ਤਸਵੀਰ ਹਨ ਜਿਸ ਨੂੰ ਸੰਸਾਰ ਪੱਧਰ ਤੇ ਸੂਰਮਿਆਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਹੈ । ਉਹਨਾਂ ਕਿਹਾ ਕਿ ਪੰਜਾਬੀ ਜਿੱਥੇ ਵੀ ਜਾਂਦੇ ਹਨ ਆਪਣੇ ਸੱਭਿਆਚਾਰ ਦੀ ਮਹਿਕ ਨਾਲ ਲੈ ਜਾਂਦੇ ਹਨ । ਸ਼੍ਰੀ ਸ਼ਰਮਾ ਨੇ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੇ ਪ੍ਰਤੀਯੋਗੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਜੋ ਇਨਾਮ ਨਹੀਂ ਜਿੱਤ ਸਕੇ ਉਹ ਹਾਰੇ ਨਹੀਂ ਬਲਕਿ ਉਹਨਾਂ ਨੂੰ ਜਿੱਤਣ ਲਈ ਇੱਕ ਹੋਰ ਮੌਕਾ ਮਿਲ ਗਿਆ ਹੈ ।

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਯੂਨੀਵਰਸਿਟੀ ਦੇ ਯੁਵਕ ਮੇਲੇ ਨੂੰ ਬੇਹੱਦ ਮਹੱਤਵਪੂਰਨ ਸਮਾਗਮ ਕਿਹਾ । ਉਹਨਾਂ ਕਿਹਾ ਕਿ ਇਹਨਾਂ ਮੇਲਿਆਂ ਦੇ ਮੰਚ ਤੋਂ ਪੰਜਾਬ ਦੇ ਐਸੇ ਕਲਾਕਾਰ ਉਭਰੇ ਜਿਨਾਂ ਨੇ ਜਹਾਨ ਭਰ ਵਿੱਚ ਆਪਣਾ ਨਾਂ ਬਣਾਇਆ । ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਪੰਜਾਬੀ ਸੱਭਿਆਚਾਰ ਦੀ ਸਾਂਭ-ਸੰਭਾਲ ਅਤੇ ਸੇਵਾ ਲਈ ਨਿਰੰਤਰ ਗਤੀਸ਼ੀਲ ਰਹੇਗੀ । ਉਹਨਾਂ ਵਿਦਿਆਰਥੀਆਂ ਨੂੰ ਆਪਣੇ ਅਮੀਰ ਵਿਰਸੇ ਨੂੰ ਜਾਨਣ ਅਤੇ ਸੰਭਾਲਣ ਲਈ ਪ੍ਰੇਰਿਤ ਵੀ ਕੀਤਾ ।

ਪੀ.ਏ.ਯੂ. ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਗੁਰਮੀਤ ਸਿੰਘ ਬੁੱਟਰ ਨੇ ਮੁੱਖ ਮਹਿਮਾਨ ਅਤੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦਾ ਸਵਾਗਤ ਕੀਤਾ । ਡਾ. ਬੁੱਟਰ ਨੇ ਕਿਹਾ ਕਿ ਇਹ ਮੁਕਾਬਲੇ ਕਲਾ ਦੇ ਹਰ ਖੇਤਰ ਵਿੱਚ ਉਚ ਪੱਧਰੀ ਪ੍ਰਤਿਭਾ ਨੂੰ ਸਾਹਮਣੇ ਲਿਆਏ ਹਨ । ਉਹਨਾਂ ਨੇ ਨੌਜਵਾਨ ਕਲਾਕਾਰਾਂ ਨੂੰ ਭਵਿੱਖ ਵਿੱਚ ਸਫਲਤਾ ਲਈ ਦੁਆਵਾਂ ਵੀ ਦਿੱਤੀਆਂ ।

ਬੀਤੇ ਦਿਨ ਹੋਏ ਮੁਕਾਬਲਿਆਂ ਵਿੱਚ ਸੋਲੋ ਸ਼ਬਦ ਵਿੱਚ ਪਹਿਲਾ ਸਥਾਨ ਖੇਤੀਬਾੜੀ ਕਾਲਜ ਦੀ ਬਲਿਹਾਰ ਕੌਰ ਨੇ ਜਿੱਤਿਆ, ਦੂਜੇ ਸਥਾਨ ਤੇ ਖੇਤੀ ਇੰਜਨੀਅਰਿੰਗ ਕਾਲਜ ਦੇ ਅੰਮਿ੍ਰਤਪਾਲ ਸਿੰਘ ਰਹੇ ਅਤੇ ਤੀਸਰਾ ਸਥਾਨ ਬਾਗਬਾਨੀ ਕਾਲਜ ਦੇ ਵਿਸ਼ਵਜੀਤ ਸਿੰਘ ਨੂੰ ਮਿਲਿਆ । ਸਮੂਹ ਸ਼ਬਦ ਗਾਇਨ ਵਿੱਚ ਬਾਗਬਾਨੀ ਕਾਲਜ ਦੀ ਟੀਮ ਪਹਿਲੇ ਸਥਾਨ ਤੇ ਰਹੀ ਜਦਕਿ ਖੇਤੀਬਾੜੀ ਕਾਲਜ ਦੂਸਰੇ ਅਤੇ ਕਮਿਊਨਟੀ ਸਾਇੰਸ ਤੀਸਰੇ ਸਥਾਨ ਤੇ ਰਹਿਣ ਵਿੱਚ ਸਫਲ ਹੋਏ ।

ਮਾਈਨ ਦਾ ਮੁਕਾਬਲਾ ਖੇਤੀ ਇੰਜਨੀਅਰਿੰਗ ਕਾਲਜ ਦੇ ਨਾਂ ਰਿਹਾ । ਬੇਸਿਕ ਸਾਇੰਸਜ਼ ਕਾਲਜ ਦੀ ਟੀਮ ਦੂਸਰੇ ਅਤੇ ਬਾਗਬਾਨੀ ਕਾਲਜ ਦੀ ਟੀਮ ਤੀਸਰੇ ਸਥਾਨ ਤੇ ਰਹੇ । ਕਮਿਊਨਟੀ ਸਾਇੰਸ ਕਾਲਜ ਦੀ ਟੀਮ ਭੰਡਾਂ ਦੇ ਮੁਕਾਬਲੇ ਵਿੱਚ ਜੇਤੂ ਬਣੀ । ਬੱਲੋਵਾਲ ਸੌਂਖੜੀ ਖੇਤੀਬਾੜੀ ਕਾਲਜ ਦੀ ਟੀਮ ਦੂਸਰੇ ਅਤੇ ਖੇਤੀਬਾੜੀ ਕਾਲਜ ਲੁਧਿਆਣਾ ਦੀ ਟੀਮ ਤੀਸਰੇ ਤੇ ਆਏ ।

ਮੋਨੋ ਐਕਟਿੰਗ ਵਿੱਚ ਕਮਿਊਨਟੀ ਸਾਇੰਸ ਕਾਲਜ, ਖੇਤੀਬਾੜੀ ਕਾਲਜ ਅਤੇ ਬਾਗਬਾਨੀ ਕਾਲਜ ਦੀਆਂ ਟੀਮਾਂ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੀਆਂ । ਇੱਕ ਝਾਕੀ ਨਾਟਕ ਵਿੱਚ ਬੇਸਿਕ ਸਾਇੰਸਜ਼ ਦੀ ਟੀਮ ਜੇਤੂ ਬਣੀ, ਖੇਤੀਬਾੜੀ ਕਾਲਜ ਦੂਸਰੇ ਅਤੇ ਬਾਗਬਾਨੀ ਤੀਸਰੇ ਸਥਾਨ ਤੇ ਆਏ ।

Facebook Comments

Trending

Copyright © 2020 Ludhiana Live Media - All Rights Reserved.