Connect with us

ਪੰਜਾਬ ਨਿਊਜ਼

ਪੀ.ਏ.ਯੂ. ਨੇ ਜਨਤਾ ਮਾਡਲ ਬਾਇਓਗੈਸ ਪਲਾਂਟ ਦੇ ਪਸਾਰ ਲਈ ਕੀਤੀ ਸੰਧੀ 

Published

on

PAU Signed an agreement for expansion of Janata Model Biogas Plant

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਐਸ.ਏ.ਐਸ. ਗਲੋਬਲ ਸੋਲਰ, ਪਿੰਡ ਉਗਰਾਹਾ, ਤਹਿਸੀਲ ਸੁਨਾਮ, ਜ਼ਿਲ੍ਹਾ ਸੰਗਰੂਰ ਨਾਲ ਪੀ.ਏ.ਯੂ. ਪੱਕੇ ਗੁੰਬਦ ਜਨਤਾ ਮਾਡਲ ਬਾਇਓਗੈਸ ਪਲਾਂਟ ਦੇ ਵਪਾਰੀਕਰਨ ਲਈ ਇੱਕ ਸਮਝੌਤਾ ਕੀਤਾ । ਇਸ ਮਾਡਲ ਦੇ ਬਾਇਓਗੈਸ ਪਲਾਂਟ ਦੀ ਰੋਜ਼ਾਨਾ ਗੈਸ ਪੈਦਾ ਕਰਨ ਦੀ ਸਮਰਥਾ 25 ਘਣਮੀਟਰ ਤੋਂ ਲੈ ਕੇ 500 ਘਣਮੀਟਰ ਰੋਜ਼ਾਨਾ ਤੱਕ ਹੈ ।

ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਅਤੇ ਐਸ.ਏ.ਐਸ. ਗਲੋਬਲ ਸੋਲਰ ਦੇ ਨੁਮਾਇੰਦੇ ਨੇ ਆਪਣੀ ਫਰਮ ਦੀ ਤਰਫੋਂ ਸਮਝੌਤੇ ਦੀਆਂ ਸ਼ਰਤਾਂ ਤੇ ਹਸਤਾਖਰ ਕੀਤੇ। ਇਸ ਸਮਝੌਤੇ ਅਨੁਸਾਰ ਯੂਨੀਵਰਸਿਟੀ ਵੱਲੋਂ ਵਿਕਸਿਤ ਇਸ ਮਾਡਲ ਦੇ ਵਪਾਰੀਕਰਨ ਦੇ ਅਧਿਕਾਰ ਸੰਬੰਧਿਤ ਫਰਮ ਕੋਲ ਹੋਣਗੇ । ਮਿਲਖ ਅਧਿਕਾਰੀ ਡਾ. ਜਸਕਰਨ ਸਿੰਘ ਮਾਹਲ ਨੇ ਨਵਿਆਉਣਯੋਗ ਊਰਜਾ ਇੰਜਨੀਅਰਿੰਗ ਵਿਭਾਗ ਦੇ ਪ੍ਰਮੁੱਖ ਵਿਗਿਆਨੀ ਡਾ. ਸਰਬਜੀਤ ਸਿੰਘ ਸੂਚ ਦੁਆਰਾ ਵਿਕਸਤ ਕੀਤੀ ਇਸ ਤਕਨਾਲੋਜੀ ਦੇ ਵਪਾਰੀਕਰਨ ਲਈ ਨਵਿਆਉਣਯੋਗ ਊਰਜਾ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ: ਰਾਜਨ ਅਗਰਵਾਲ ਨੂੰ ਵਧਾਈ ਦਿੱਤੀ।

ਡਾ. ਅਗਰਵਾਲ ਨੇ ਕਿਹਾ ਕਿ ਇਸ ਮਾਡਲ ਵਿੱਚ ਪਸ਼ੂਆਂ ਦੀ ਰਹਿੰਦ-ਖੂੰਹਦ (ਗਊਆਂ ਦਾ ਗੋਹਾ, ਮੁਰਗੀਆਂ ਦੀਆਂ ਵਿੱਠਾਂ ਆਦਿ) ਨੂੰ ਬਾਲਣ ਦੇ ਨਾਲ-ਨਾਲ ਬਿਜਲੀ ਉਤਪਾਦਨ ਲਈ ਬਾਇਓਗੈਸ ਦੇ ਉਤਪਾਦਨ ਲਈ ਵਰਤਿਆ ਜਾ ਸਕਦਾ ਹੈ। ਇਹ ਸਾਫ਼-ਸੁਥਰਾ ਵਾਤਾਵਰਣ ਪੈਦਾ ਕਰਨ ਵਿੱਚ ਮਦਦ ਕਰੇਗਾ ਅਤੇ ਨਾਲ ਹੀ ਰਵਾਇਤੀ ਬਾਲਣ ਦੀ ਬੱਚਤ ਵਿੱਚ ਵੀ ਮਦਦ ਕਰੇਗਾ।

ਤਕਨਾਲੋਜੀ ਬਾਰੇ ਵੇਰਵੇ ਦਿੰਦੇ ਹੋਏ ਡਾ. ਸੂਚ ਨੇ ਦੱਸਿਆ ਕਿ ਇਸ ਕਿਸਮ ਦੇ ਪਲਾਂਟ ਦੀ ਉਸਾਰੀ ਇੱਟਾਂ ਰਾਹੀਂ ਕੀਤੀ ਜਾਂਦੀ ਹੈ ਅਤੇ ਇਹ ਡਿਜ਼ਾਈਨ ਦੇਸ਼ ਦੇ ਸਾਰੇ ਖੇਤਰਾਂ ਲਈ ਢੁਕਵਾਂ ਹੈ। ਦੂਜੇ ਰਵਾਇਤੀ ਮਾਡਲ ਬਾਇਓਗੈਸ ਪਲਾਂਟ ਦੀ ਲਾਗਤ ਦੇ ਮੁਕਾਬਲੇ ਇਸ ਪਲਾਂਟ ਦੀ ਲਾਗਤ 60-70% ਹੈ ਅਤੇ ਇਸ ਪਲਾਂਟ ਦੀਆਂ ਰੱਖ-ਰਖਾਅ ਦੀਆਂ ਲੋੜਾਂ ਫਲੋਟਿੰਗ ਡਰੱਮ ਬਾਇਓਗੈਸ ਪਲਾਂਟਾਂ ਨਾਲੋਂ ਬਹੁਤ ਘੱਟ ਹਨ।

 

Facebook Comments

Trending