ਲੁਧਿਆਣਾ : ਪੀ.ਏ.ਯੂ. ਨੇ ਬੀਤੇ ਦਿਨੀਂ ਲੁਧਿਆਣਾ ਸਥਿਤ ਇਕ ਫਰਮ ਮੈਸਰਜ ਜੀ ਐਸ ਫੂਡ ਐਗਰੋ, ਲੁਧਿਆਣਾ ਨਾਲ ਵੱਖ-ਵੱਖ ਕਿਸਮਾਂ ਦੇ ਆਲੂ ਪਰਾਂਠਾ/ਸਮੋਸਾ ਮਿਸਰਣ ਦੀ ਤਕਨੀਕ ਦੇ ਵਪਾਰੀਕਰਨ ਲਈ ਇੱਕ ਸਮਝੌਤਾ ਕੀਤਾ| ਇਸ ਮੌਕੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਸੰਬੰਧਤ ਫਰਮ ਦੇ ਸ਼੍ਰੀ ਸਿਮਰਜੀਤ ਸਿੰਘ ਨੇ ਆਪੋ-ਆਪਣੀਆਂ ਸੰਸਥਾਵਾਂ ਦੀ ਤਰਫੋਂ ਸਮਝੌਤੇ ਦੀਆਂ ਸ਼ਰਤਾਂ ’ਤੇ ਦਸਤਖਤ ਕੀਤੇ| 
ਇਸ ਮੌਕੇ ਮਾਹਰਾਂ ਨੇ ਦੱਸਿਆ ਕਿ ਆਲੂ ਪਰਾਂਠਾ ਅਤੇ ਸਮੋਸਾ ਮਿਸਰਣ ਵੱਖ-ਵੱਖ ਆਲੂਆਂ ਦੀਆਂ ਕਿਸਮਾਂ ਦੀ ਵਰਤੋਂ ਕਰਕੇ ਤਿਆਰ ਕੀਤਾ ਜਾ ਸਕਦਾ ਹੈ, ਜਿਸ ਵਿੱਚ ਐਸੀਆਂ ਕਿਸਮਾਂ ਸਾਮਲ ਹਨ ਜਿਨ੍ਹਾਂ ਨੂੰ ਚਿਪਸ ਅਤੇ ਫਰੈਂਚ ਫਰਾਈਜ ਵਿੱਚ ਪ੍ਰੋਸੈਸ ਕਰਨ ਲਈ ਢੁਕਵੀਆਂ ਨਹੀਂ ਮੰਨਿਆ ਜਾਂਦਾ | ਇਹ ਘਰਾਂ ਅਤੇ ਰੈਸਟੋਰੈਂਟਾਂ ਵਿੱਚ ਵਰਤੋਂ ਲਈ ਸੁਵਿਧਾਜਨਕ ਉਤਪਾਦ ਹੈ ਜਿਸ ਦੀ ਵਰਤੋਂ ਅਸਾਨੀ ਨਾਲ ਹੋ ਸਕਦੀ ਹੈ | ਇਸ ਸੁੱਕੇ ਫੌਰੀ ਮਿਸਰਣ ਨੂੰ ਪਰਾਂਠੇ ਅਤੇ ਸਮੋਸੇ ਵਿੱਚ ਭਰਨ ਦੇ ਨਾਲ-ਨਾਲ ਵੱਖ-ਵੱਖ ਫਰੋਜਨ ਆਲੂ ਸਨੈਕਸ ਬਣਾਉਣ ਲਈ ਵਰਤਿਆ ਜਾ ਸਕਦਾ ਹੈ|