ਇੰਡੀਆ ਨਿਊਜ਼

ਪੀ.ਏ.ਯੂ. ਨੂੰ ਭਾਰਤ ਦੀ ਸਰਵੋਤਮ ਖੇਤੀਬਾੜੀ ਯੂਨੀਵਰਸਿਟੀ ਦੀ ਰੈਂਕਿੰਗ ਮਿਲੀ

Published

on

ਲੁਧਿਆਣਾ : ਭਾਰਤ ਸਰਕਾਰ ਦੀ ਸੰਸਥਾਵਾਂ ਬਾਰੇ ਰਾਸ਼ਟਰੀ ਰੈਂਕਿੰਗ ਏਜੰਸੀ ਐੱਨ ਆਰ ਆਈ ਐੱਫ ਦੀ ਤਾਜ਼ਾ ਰੈਂਕਿੰਗ ਵਿੱਚ ਪੀ.ਏ.ਯੂ. ਨੂੰ ਦੇਸ਼ ਦੀ ਸਰਵੋਤਮ ਖੇਤੀ ਯੂਨੀਵਰਸਿਟੀ ਦੀ ਰੈਂਕਿੰਗ ਮਿਲੀ ਹੈ |  ਡਾ. ਗੋਸਲ ਨੇ ਦੱਸਿਆ ਕਿ ਪੀ.ਏ.ਯੂ. ਨੂੰ ਐੱਨ ਆਈ ਆਰ ਐੱਫ ਦੀ 2023 ਰੈਂਕਿੰਗ ਵਿੱਚ ਦੇਸ਼ ਦੀ ਸਿਰਮੌਰ ਖੇਤੀ ਯੂਨੀਵਰਸਿਟੀ ਦੀ ਰੈਂਕਿੰਗ ਦਿੱਤੀ ਗਈ ਹੈ | ਭਾਰਤ ਦੇ ਰਾਜਾਂ ਦੀਆਂ 63 ਖੇਤੀਬਾੜੀ ਯੂਨੀਵਰਸਿਟੀਆਂ ਵਿੱਚੋਂ ਪੀ.ਏ.ਯੂ. ਰੈਂਕਿੰਗ ਦੇ ਲਿਹਾਜ਼ ਨਾਲ ਪਹਿਲੇ ਸਥਾਨ ਤੇ ਰਹੀ |

ਇਸ ਤੋਂ ਇਲਾਵਾ ਦੇਸ਼ ਦੀਆਂ ਖੇਤੀ ਸੰਸਥਾਵਾਂ ਵਿੱਚੋਂ ਪੀ.ਏ.ਯੂ. ਨੂੰ ਤੀਸਰਾ ਸਥਾਨ ਹਾਸਲ ਹੋਇਆ | ਇਸ ਵਰਗ ਵਿੱਚ ਪਹਿਲੇ ਦੋ ਸਥਾਨਾਂ ਤੇ ਰਹਿਣ ਵਾਲੇ ਭਾਰਤੀ ਖੇਤੀ ਖੋਜ ਸੰਸਥਾਨ ਨਵੀਂ ਦਿੱਲੀ ਅਤੇ ਰਾਸ਼ਟਰੀ ਡੇਅਰੀ ਖੋਜ ਸੰਸਥਾਨ ਕਰਨਾਲ ਹਨ | ਡਾ. ਗੋਸਲ ਨੇ ਦੱਸਿਆ ਕਿ ਰਾਜਾਂ ਦੀਆਂ ਯੂਨੀਵਰਸਿਟੀਆਂ ਵਿੱਚੋਂ ਸਰਵੋਤਮ ਯੂਨੀਵਰਸਿਟੀ ਬਣਨਾ ਪੀ.ਏ.ਯੂ. ਲਈ ਮਾਣ ਵਾਲੀ ਗੱਲ ਹੈ |

ਡਾ. ਗੋਸਲ ਨੇ ਦੱਸਿਆ ਕਿ ਇਸ ਰੈਂਕਿੰਗ ਲਈ ਬਹੁਤ ਸਾਰੇ ਪੱਖ ਵਿਚਾਰੇ ਜਾਂਦੇ ਹਨ ਜਿਨ੍ਹਾਂ ਵਿੱਚ ਅਧਿਆਪਨ, ਖੋਜ ਅਤੇ ਪਸਾਰ ਨੂੰ ਮੁੱਖ ਤੌਰ ਤੇ ਧਿਆਨ ਵਿੱਚ ਰੱਖਿਆ ਜਾਂਦਾ ਹੈ | ਉਹਨਾਂ ਕਿਹਾ ਕਿ ਪੀ.ਏ.ਯੂ. ਨਵੀਆਂ ਕਿਸਮਾਂ, ਨਵੇਂ ਬੀਜ, ਉਤਪਾਦਨ ਤਕਨੀਕਾਂ ਅਤੇ ਹੋਰ ਖੇਤੀ ਸਿਫ਼ਾਰਸ਼ਾਂ ਦੇ ਪੱਖ ਤੋਂ ਰਾਜ ਦੀ ਇੱਕੋ ਇੱਕ ਅਜਿਹੀ ਸੰਸਥਾ ਹੈ ਜੋ ਕਿਸਾਨੀ ਦੀ ਬਿਹਤਰੀ ਲਈ ਲਗਾਤਾਰ ਯਤਨਸ਼ੀਲ ਹੈ |

ਉਹਨਾਂ ਕਿਹਾ ਕਿ ਖੇਤੀ ਲਈ ਉਸਾਰੂ ਕਾਰਜ ਕਰਦਿਆਂ ਖੇਤੀ ਯੂਨੀਵਰਸਿਟੀਆਂ ਅੱਗੇ ਪੇਟੈਂਟ ਦੀ ਅਣਹੋਂਦ ਵਰਗੀਆਂ ਕੁਝ ਸਮੱਸਿਆਵਾਂ ਆ ਜਾਂਦੀਆਂ ਹਨ ਜਦਕਿ ਆਈ ਆਈ ਟੀ’ਜ਼ ਪੇਟੈਂਟ ਦੇ ਮਾਮਲੇ ਵਿੱਚ ਕਾਫੀ ਅਗਾਂਹਵਧੂ ਸੰਸਥਾਵਾਂ ਹੁੰਦੀਆਂ ਹਨ | ਇਸ ਦੇ ਬਾਵਜੂਦ ਖੇਤੀ ਸੰਸਥਾਵਾਂ ਵਿੱਚ ਪੀ.ਏ.ਯੂ. ਦਾ ਸਿਖਰਲੇ ਸਥਾਨ ਤੇ ਆਉਣਾ ਸਾਡੀ ਮਿਹਨਤ, ਲਗਨ ਅਤੇ ਸਮਰਪਨ ਦੀ ਪਛਾਣ ਹੈ | ਉਹਨਾਂ ਕਿਹਾ ਕਿ ਇਹ ਨਿਰੰਤਰ ਖੋਜ ਦਾ ਸਿੱਟਾ ਹੈ |

 ਡਾ. ਗੋਸਲ ਨੇ ਇਸ ਸਫਲਤਾ ਲਈ ਪੀ.ਏ.ਯੂ. ਦੇ ਮਾਹਿਰਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ  ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਇਸ ਪ੍ਰਾਪਤੀ ਲਈ ਵਾਈਸ ਚਾਂਸਲਰ ਦੀ ਅਗਵਾਈ, ਮਾਹਿਰਾਂ ਦੀ ਯੋਗਤਾ, ਟੀਚਿੰਗ-ਨਾਨ ਟੀਚਿੰਗ ਕਰਮਚਾਰੀਆਂ ਦੀ ਮਿਹਨਤ ਅਤੇ ਵਿਦਿਆਰਥੀਆਂ ਦੇ ਸਮਰਪਣ ਨੂੰ ਜ਼ਿੰਮੇਵਾਰ ਕਿਹਾ | ਇਸ ਸਮੇਂ ਹੋਰਨਾਂ ਤੋਂ ਇਲਾਵਾ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਰਜਿਸਟਰਾਰ ਡਾ. ਮਾਨਵਇੰਦਰਾ ਸਿੰਘ ਗਿੱਲ, ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਅਤੇ ਸਹਿਯੋਗੀ ਨਿਰਦੇਸ਼ਕ ਸੰਸਥਾਈ ਸਹਿਯੋਗ ਡਾ. ਵਿਸ਼ਾਲ ਬੈਕਟਰ ਮੌਜੂਦ ਸਨ |

Facebook Comments

Trending

Copyright © 2020 Ludhiana Live Media - All Rights Reserved.