ਪੰਜਾਬੀ

ਪੀਏਯੂ ਨੇ ਜੋਸ਼ ਤੇ ਉਤਸ਼ਾਹ ਨਾਲ ਮਨਾਇਆ 77 ਵਾਂ ਅਜ਼ਾਦੀ ਦਿਹਾੜਾ

Published

on

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿੱਚ ਅੱਜ ਭਾਰਤ ਦਾ 77 ਵਾਂ ਅਜ਼ਾਦੀ ਦਿਹਾੜਾ ਜੋਸ਼ ਖਰੋਸ਼ ਨਾਲ ਮਨਾਇਆ ਗਿਆ।  ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਹਾਜ਼ਰੀ ਭਰੀ। ਵਾਈਸ ਚਾਂਸਲਰ ਨੇ ਤਿਰੰਗਾ ਲਹਿਰਾਇਆ ਅਤੇ ਐਨ ਸੀ ਸੀ ਕੈਡਿਟਾਂ ਦੀ ਪਰੇਡ ਤੋਂ ਸਲਾਮੀ ਲਈ। ਇਸ ਮੌਕੇ ਰਾਸ਼ਟਰੀ ਗਾਣ ਵੀ ਵਜਾਇਆ ਗਿਆ।

ਡਾ ਗੋਸਲ ਨੇ ਇਸ ਮਹਾਨ ਦਿਹਾੜੇ ਦੀ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸੇ ਦਿਨ ਦੇਸ਼ ਨੂੰ 200 ਸਾਲ ਦੇ ਬਰਤਾਨਵੀ ਸ਼ਾਸਨ ਤੋਂ ਮੁਕਤੀ ਮਿਲੀ ਸੀ। ਅੱਜ ਆਜ਼ਾਦੀ ਸਾਢੇ ਸੱਤ ਦਹਾਕਿਆਂ ਦੀ ਹੋ ਗਈ ਹੈ। ਆਜ਼ਾਦੀ ਤੋਂ ਬਾਅਦ ਸਾਡੇ ਸਮਾਜ ਅੱਗੇ ਬਹੁਤ ਸਾਰੀਆਂ ਚੁਣੌਤੀਆਂ ਸਨ। ਇਨ੍ਹਾਂ ਵਿਚੋਂ ਪ੍ਰਮੁੱਖ ਦੇਸ਼ ਵਾਸੀਆਂ ਨੂੰ ਭੁੱਖਮਰੀ ਤੋਂ ਬਚਾਉਣ ਦੀ ਸੀ। ਪੀ ਏ ਯੂ ਨੇ ਇਸ ਚੁਣੌਤੀ ਸਾਮ੍ਹਣੇ ਹਰੇ ਇਨਕਲਾਬ ਦੀ ਨੀਂਹ ਰੱਖੀ ਜਿਸ ਵਿਚ ਕਿਸਾਨਾਂ ਨੇ ਡਟ ਕੇ ਸਹਿਯੋਗ ਕੀਤਾ।

ਡਾ ਗੋਸਲ ਨੇ ਕਿਹਾ ਕਿ ਉਸ ਦੌਰ ਵਿਚ ਕੰਮ ਕਰਨ ਵਾਲੇ ਵਿਗਿਆਨੀਆਂ, ਵਿਦਿਆਰਥੀਆਂ ਤੇ ਕਾਮਿਆਂ ਨੂੰ ਸਲਾਮ ਕਰਨਾ ਬਣਦਾ ਹੈ। ਇਹ ਮਿਹਨਤ ਅੱਜ ਤੱਕ ਜਾਰੀ ਹੈ । ਇਸੇ ਦਾ ਨਤੀਜਾ ਹੈ ਕਿ ਪੀ ਏ ਯੂ ਨੂੰ 2023 ਵਿਚ ਦੇਸ਼ ਦੀ ਸਰਵੋਤਮ ਯੂਨੀਵਰਸਿਟੀ ਐਲਾਨਿਆ ਗਿਆ ਹੈ। ਡਾ ਗੋਸਲ ਨੇ ਕਿਹਾ ਕਿ ਪੀ ਏ ਯੂ ਨੇ ਅੰਨ ਸੁਰੱਖਿਆ ਲਈ ਤਕਨੀਕੀ ਹੱਲ ਤਲਾਸ਼ ਕੇ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਅਪਣਾ ਭਰਪੂਰ ਯੋਗਦਾਨ ਪਾਇਆ ਹੈ।

ਸਾਡੇ ਵਿਗਿਆਨੀ ਅਤੇ ਵਿਦਿਆਰਥੀ ਸਮੇਂ ਸਮੇਂ ਸੰਸਥਾ ਲਈ ਮਾਣ ਦੀਆਂ ਘੜੀਆਂ ਹਾਸਿਲ ਕਰਦੇ ਰਹਿੰਦੇ ਹਨ। ਅਮਲੇ ਦਾ ਹਰ ਜੀਅ ਆਪਣੇ ਕੰਮ ਨੂੰ ਤਨਦੇਹੀ ਨਾਲ ਨਿਭਾਉਣ ਲਈ ਯਤਨਸ਼ੀਲ ਹੈ। ਉਨ੍ਹਾਂ ਯੂਨੀਵਰਸਿਟੀ ਵਲੋਂ ਲਗਾਤਾਰ ਦਿੱਤੀਆਂ ਜਾ ਰਹੀਆਂ ਖੇਤੀ ਸਿਖਲਾਈਆਂ ਦਾ ਜ਼ਿਕਰ ਕੀਤਾ। ਵਾਈਸ ਚਾਂਸਲਰ ਨੇ ਕਿਹਾ ਕਿ ਸਾਡੇ ਦੇਸ਼ਭਗਤਾਂ ਨੇ ਆਪਣੀ ਜਾਨ ਦੀ ਬਾਜ਼ੀ ਲਾ ਕੇ ਜੋ ਅਜ਼ਾਦੀ ਹਾਸਿਲ ਕੀਤੀ ਸੀ ਉਸਨੂੰ ਬਰਕਰਾਰ ਰੱਖਣ ਤੇ ਬਿਹਤਰ ਬਣਾਉਣ ਦਾ ਜ਼ਿੰਮਾ ਨਵੀਂ ਪੀੜ੍ਹੀ ਸਿਰ ਹੈ।

ਖੇਤੀ ਖੇਤਰ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਨੌਜਵਾਨ ਵਿਗਿਆਨੀਆਂ ਨੂੰ ਡਟ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਖੇਤੀ ਵਿਭਿੰਨਤਾ ਲਈ ਰਲ ਕੇ ਹੰਭਲਾ ਮਾਰਨ ਦੀ ਲੋੜ ਤੇ ਜ਼ੋਰ ਦਿੱਤਾ। ਨਾਲ ਹੀ ਪ੍ਰੋਸੈਸਿੰਗ ਵਰਗੀਆਂ ਨਵੀਆਂ ਵਿਧੀਆਂ ਅਪਣਾਉਣ ਲਈ ਵੀ ਕਿਸਾਨਾਂ ਨੇ ਪ੍ਰੇਰਿਤ ਕਰਦਿਆਂ ਡਾ ਗੋਸਲ ਨੇ ਇਸਨੂੰ ਅਜੋਕੇ ਸਮੇਂ ਦੀ ਲੋੜ ਕਿਹਾ । ਇਸਦੇ ਨਾਲ ਹੀ ਵਾਈਸ ਚਾਂਸਲਰ ਨੇ ਵਿਸ਼ਵੀਕਰਨ ਦੀ ਚਕਾਚੌਂਧ ਵਿਚ ਗਵਾਚ ਕੇ ਆਪਣੀਆਂ ਜੜ੍ਹਾਂ ਭੁੱਲ ਜਾਣ ਤੋਂ ਸੁਚੇਤ ਕੀਤਾ ।

   ਇਸ ਤੋ ਪਹਿਲਾਂ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਨਿਰਮਲ ਜੌੜਾ ਨੇ ਮੁੱਖ ਮਹਿਮਾਨ, ਅਫਸਰ ਸਾਹਿਬਾਨ, ਫੈਕਲਟੀ ਅਤੇ ਵਿਦਿਆਰਥੀਆਂ ਦਾ ਸੁਆਗਤ ਕਰਦਿਆਂ ਸਭ ਨੂੰ ਅਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ। ਉਹਨਾਂ ਕਿਹਾ ਕਿ ਅਜ਼ਾਦੀ ਲਈ ਲੜਾਈ ਦਾ ਸੰਘਰਸ਼ ਬਹੁਰੰਗਾ ਸੀ। ਉਸ ਵਿਚ ਨੌਜਵਾਨੀ ਦਾ ਜੋਸ਼ ਤੇ ਪਕੇਰੀ ਉਮਰ ਦੇ ਤਜਰਬੇ ਦਾ ਸੁਮੇਲ ਸੀ।
ਆਜ਼ਾਦੀ ਤੋਂ ਬਾਅਦ ਬਹੁਤ ਸਾਰੀਆਂ ਚੰਗੀਆਂ ਕੀਮਤਾਂ ਦੀ ਉਸਾਰੀ ਲਈ ਜੰਗ ਲੜੀ ਗਈ ਜਿਨ੍ਹਾਂ ਵਿਚ ਭੁੱਖਮਰੀ ਦੂਰ ਕਰਨ ਤੇ ਅੰਨ ਸੁਰੱਖਿਆ ਲਈ ਪੀ ਏ ਯੂ ਵਲੋਂ ਕੀਤਾ ਕਾਰਜ ਇਤਿਹਾਸਕ ਹੈ। ਡਾ ਜੌੜਾ ਨੇ ਕਿਹਾ ਕਿ ਆਜ਼ਾਦੀ ਨੂੰ ਮਾਣਦੇ ਸਮੇਂ ਇਸਦੀ ਰੱਖਿਆ ਕਰਨ ਤੇ ਇਸਨੂੰ ਬਰਕਰਾਰ ਰੱਖਣ ਦੀ ਲੋੜ ਹੈ। ਅੱਜ ਨਸ਼ਿਆਂ ਤੋਂ ਅਜ਼ਾਦੀ ਲਈ ਲੜਾਈ ਦੀ ਲੋੜ ਹੈ। ਅੰਤ ਵਿਚ ਧੰਨਵਾਦ ਦੇ ਸ਼ਬਦ ਸਮਾਗਮ ਦਾ ਸੰਚਾਲਨ ਕਰ ਰਹੇ ਭਲਾਈ ਅਧਿਕਾਰੀ ਗਰਪ੍ਰੀਤ ਵਿਰਕ ਨੇ ਕਹੇ।

Facebook Comments

Trending

Copyright © 2020 Ludhiana Live Media - All Rights Reserved.