ਪੰਜਾਬੀ

ਪੀ ਏ ਯੂ ਅਤੇ ਟੀ ਐੱਨ ਸੀ ਦੇ ਮਾਹਿਰਾਂ ਨੇ ਆਪਸੀ ਸਾਂਝ ਲਈ ਕੀਤੀਆਂ ਵਿਚਾਰਾਂ

Published

on

 ਪੀ ਏ ਯੂ ਵਿਖੇ ਵਿਸ਼ਵ ਵਿਚ ਵਾਤਾਵਰਨ ਦੀ ਸੰਭਾਲ ਲਈ ਪ੍ਰਤੀਬੱਧ ਸੰਸਥਾ ਦੀ ਨੇਚਰ ਕਨਜ਼ਰਵੈਂਸੀ ( ਟੀ ਐੱਨ ਸੀ) ਦੇ ਮਾਹਿਰਾਂ ਨੇ ਯੂਨੀਵਰਸਿਟੀ ਉੱਚ ਅਧਿਕਾਰੀਆਂ ਨਾਲ ਉੱਚ ਪੱਧਰੀ ਗੱਲਬਾਤ ਕੀਤੀ। ਇਸ ਵਿਚ ਟੀ ਐੱਨ ਸੀ ਦੇ ਅਮਰੀਕਾ ਵਿਚ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀਮਤੀ ਜੈਨੀਫ਼ਰ ਮੌਰਿਸ, ਭਾਰਤ ਵਿਚ ਸੰਸਥਾ ਦੇ ਪ੍ਰਬੰਧਕੀ ਨਿਰਦੇਸ਼ਕ ਡਾ ਅੰਨਪੂਰਣਾ ਵਨਚੇਸਵਰਨ, ਵਾਤਾਵਰਨ ਸੰਭਾਲ ਪ੍ਰਾਜੈਕਟ ਪ੍ਰਾਨਾ ਦੇ ਨਿਰਦੇਸ਼ਕ ਡਾ ਗੁਰੂਲਿੰਗੱਪਾ ਕੋਪਾ ਅਤੇ ਹੋਰ ਵਿਗਿਆਨੀ ਸ਼ਾਮਿਲ ਸਨ।
ਪੀ ਏ ਯੂ ਵਲੋਂ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ ਅਤੇ ਵੱਖ ਵੱਖ ਕਾਲਜਾਂ ਦੇ ਡੀਨ, ਡਾਇਰੈਕਟਰ ਤੇ ਵਿਭਾਗਾਂ ਦੇ ਮੁਖੀ ਸ਼ਾਮਿਲ ਹੋਏ। ਦੋਵਾਂ ਧਿਰਾਂ ਨੇ ਪਰਾਲੀ ਦੀ ਸੰਭਾਲ ਬਾਰੇ ਪੰਜਾਬ ਦੀ ਸਥਿਤੀ ਅਤੇ ਹੋਰ ਕਾਰਜਾਂ ਦੀ ਗੁੰਜਾਇਸ਼ ਬਾਰੇ ਨਿੱਠ ਕੇ ਵਿਚਾਰ ਵਟਾਂਦਰਾ ਕੀਤਾ।
ਸ਼੍ਰੀਮਤੀ ਜੈਨੀਫ਼ਰ ਮੌਰਿਸ ਨੇ ਕਿਹਾ ਕਿ ਉਹ ਇਸ ਸ਼ਾਨਦਾਰ ਰਵਾਇਤ ਵਾਲੀ ਇਸ ਸੰਸਥਾ ਵਿਚ ਆ ਕੇ ਖੁਸ਼ੀ ਮਹਿਸੂਸ ਕਰ ਰਹੇ ਹਨ।
ਪੀ ਏ ਯੂ ਦੇ ਓਹਾਇਓ ਯੂਨੀਵਰਸਿਟੀ ਨਾਲ ਮੂਲ ਸੰਬੰਧਾਂ ਪ੍ਰਤੀ ਉਨ੍ਹਾਂ ਖਾਸ ਤੌਰ ਤੇ ਖੁਸ਼ੀ ਪ੍ਰਗਟ ਕੀਤੀ। ਉਨ੍ਹਾਂ ਟੀ ਐਨ ਸੀ ਦੀ ਕਾਰਜਸ਼ੈਲੀ ਬਾਰੇ ਦੱਸਿਆ ਕਿ ਇਹ ਸੰਸਥਾ ਵਾਤਾਵਰਨ ਦੀ ਸੰਭਾਲ ਲਈ ਵਿਸ਼ਵ ਪੱਧਰ ਤੇ ਸਰਗਰਮੀ ਨਾਲ ਕਾਰਜ ਕਰ ਰਹੀ ਹੈ। ਵਿਸ਼ਵ ਦੇ 79 ਦੇਸ਼ਾਂ ਵਿਚ ਟੀ ਐੱਨ ਸੀ ਨੇ ਵਾਤਾਵਰਨ ਸੰਭਾਲ ਦਾ ਬੀੜਾ ਚੁੱਕਿਆ ਹੋਇਆ ਹੈ। ਉਨ੍ਹਾਂ ਇਸ ਦਿਸ਼ਾ ਵਿਚ ਪੀ ਏ ਯੂ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰੀ ਕ੍ਰਾਂਤੀ ਤੋਂ ਬਾਅਦ ਅੱਜ ਵਾਤਾਵਰਨ ਪ੍ਰਤੀ ਸੰਭਾਲ ਕ੍ਰਾਂਤੀ ਦੀ ਲੋੜ ਹੈ ਜਿਸ ਵਿਚ ਪੀ ਏ ਯੂ ਅਹਿਮ ਭੂਮਿਕਾ ਨਿਭਾ ਸਕਦੀ ਹੈ।
ਪੀ ਏ ਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਵਫਦ ਨੂੰ ਮੁਖ਼ਾਤਿਬ ਹੁੰਦਿਆਂ ਦੱਸਿਆ ਕਿ ਇਸ ਸੰਸਥਾ ਦਾ ਨਿਰਮਾਣ ਅਮਰੀਕਾ ਦੀ ਓਹਾਇਓ ਯੂਨੀਵਰਸਿਟੀ ਦੇ ਆਧਾਰ ਤੇ ਹੋਇਆ। ਇਸ ਖੇਤਰ ਦੀਆਂ ਛੇ ਯੂਨੀਵਰਸਿਟੀਆਂ ਪੀ ਏ ਯੂ ਵਿਚੋਂ ਹੀ ਨਿਕਲੀਆਂ ਹਨ। ਯੂਨੀਵਰਸਿਟੀ ਦੇ ਕਾਰਜਾਂ ਦੇ ਮੱਦੇਨਜ਼ਰ ਇਸਨੂੰ ਨਿਫ ਰੇਟਿੰਗ ਵਿਚ ਭਾਰਤ ਦੀ ਸਰਵੋਤਮ ਯੂਨੀਵਰਸਿਟੀ ਐਲਾਨਿਆ ਗਿਆ ਹੈ।
ਡਾ ਗੋਸਲ ਨੇ ਕਿਹਾ ਕਿ ਪੀ ਏ ਯੂ ਨੇ ਇਸ ਖੇਤਰ ਦੇ ਕਿਸਾਨਾਂ ਦੀ ਭਲਾਈ ਲਈ ਪਿਛਲੇ ਛੇ ਦਹਾਕਿਆਂ ਤੋਂ ਬੇਮਿਸਾਲ ਕੰਮ ਕੀਤੇ ਹਨ। ਸੰਸਾਰ ਦੀ ਬਿਹਤਰੀਨ ਖੇਤੀ ਤਕਨਾਲੋਜੀ ਨੂੰ ਪੰਜਾਬ ਦੇ ਕਿਸਾਨਾਂ ਦੇ ਅਨੁਸਾਰੀ ਬਣਾ ਕੇ ਦੇਸ਼ ਦੇ ਅੰਨ ਭੰਡਾਰ ਭਰੇ। ਦੇਸ਼ ਵਿਚ ਕਣਕ ਦੀਆਂ ਸਰਵੋਤਮ ਕਿਸਮਾਂ ਦੀ ਖੋਜ ਕੀਤੀ ਤੇ ਪੰਜਾਬ ਨੂੰ ਉਤਪਾਦਕਤਾ ਪੱਖੋਂ ਸੰਸਾਰ ਦਾ ਸਭ ਤੋਂ ਵਧੀਆ ਖੇਤਰ ਬਣਾਇਆ। ਅਜੋਕੇ ਦੌਰ ਦੀਆਂ ਖੇਤੀ ਚੁਣੌਤੀਆਂ ਬਾਰੇ ਜਾਣਕਾਰੀ ਦਿੰਦਿਆਂ ਡਾ ਗੋਸਲ ਨੇ ਕਿਹਾ ਕਿ ਪਾਣੀ ਤੇ ਪਰਾਲੀ ਦੀ ਸੰਭਾਲ ਮੁੱਖ ਮੁੱਦੇ ਹਨ।

Facebook Comments

Trending

Copyright © 2020 Ludhiana Live Media - All Rights Reserved.