ਪੰਜਾਬੀ

ਪੀ.ਏ.ਯੂ. ਵਿਖੇ ਵਿਗਿਆਨ ਅਤੇ ਖੇਤੀ ਸੰਚਾਰ ਉੱਤੇ ਦੋ ਰੋਜ਼ਾ ਵਰਕਸ਼ਾਪ

Published

on

ਲੁਧਿਆਣਾ : ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਸੰਚਾਰ ਕੇਂਦਰ ਵਲੋਂ ਵਿਗਿਆਨ ਸੰਚਾਰ ਨੂੰ ਲੋਕਪ੍ਰਿਯ ਬਨਾਉਣ ਅਤੇ ਇਸਦਾ ਪੰਜਾਬੀ ਭਾਸ਼ਾ ਵਿੱਚ ਪਸਾਰ ਕਰਨ ਹਿਤ ਵਿਗਿਆਨ ਅਤੇ ਖੇਤੀ ਸੰਚਾਰ ਉੱਤੇ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ |

ਵਿਗਿਆਨ ਪ੍ਰਸਾਰ, ਸਾਇੰਸ ਅਤੇ ਤਕਨਾਲੋਜੀ ਵਿਭਾਗ ਭਾਰਤ ਸਰਕਾਰ ਅਤੇ ਸਾਇੰਸ ਅਤੇ ਤਕਨਾਲੋਜੀ ਲਈ ਪੰਜਾਬ ਰਾਜ ਪ੍ਰੀਸ਼ਦ, ਪੰਜਾਬ ਸਰਕਾਰ ਦੇ ਸਹਿਯੋਗ ਨਾਲ ਲਗਾਈ ਜਾ ਰਹੀ ਇਸ ਵਰਕਸ਼ਾਪ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੁੰਦਿਆਂ ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ, ਪੀ.ਏ.ਯੂ. ਨੇ ਕਿਹਾ ਕਿ ਖੇਤੀ ਖੋਜ, ਅਧਿਆਪਨ ਅਤੇ ਪਸਾਰ ਯੂਨੀਵਰਸਿਟੀ ਦੇ ਤਿੰਨ ਪ੍ਰਮੁੱਖ ਕਾਰਜ ਹਨ ਪਰ ਖੋਜ ਪ੍ਰਾਪਤੀਆਂ, ਸੁਰੱਖਿਆ ਅਤੇ ਉਤਪਾਦਨ ਤਕਨੀਕਾਂ ਨੂੰ ਕਿਸਾਨਾਂ ਦੀਆਂ ਬਰੂਹਾਂ ਤੱਕ ਪਹੁੰਚਾਉਣ ਲਈ ਇਸਦਾ ਪਸਾਰ ਸਰਲ, ਸੌਖੀ ਅਤੇ ਸਥਾਨਕ ਭਾਸ਼ਾ ਵਿਚ ਹੋਣਾ ਬਹੁਤ ਜ਼ਰੂਰੀ ਹੈ |

ਉਨ•ਾਂ ਦੱਸਿਆ ਕਿ ਯੂਨੀਵਰਸਿਟੀ ਮਾਹਿਰਾਂ ਵਲੋਂ ਕਿਸਾਨਾਂ ਨੂੰ ਖੇਤੀਬਾੜੀ ਨਾਲ ਸੰਬੰਧਤ ਹਰ ਜਾਣਕਾਰੀ ਪ੍ਰਿੰਟ, ਇਲੈਕਟ੍ਰਾਨਿਕ ਅਤੇ ਸ਼ੋਸ਼ਲ ਮੀਡੀਆ ਰਾਹੀਂ ਅੰਗਰੇਜ਼ੀ ਭਾਸ਼ਾ ਦੇ ਨਾਲ-ਨਾਲ ਪੰਜਾਬੀ ਭਾਸ਼ਾ ਵਿੱਚ ਵੀ ਪਹੁੰਚਾਈ ਜਾਂਦੀ ਹੈ ਤਾਂ ਜੋ ਸੰਚਾਰ ਵਿੱਚ ਕੋਈ ਅਧੂਰਾਪਣ ਨਾ ਰਹੇ |

ਇਸ ਮੌਕੇ ਸ਼੍ਰੀ ਨਕੁਲ ਪਰਾਸ਼ਰ, ਨਿਰਦੇਸ਼ਕ, ਵਿਗਿਆਨ ਪਸਾਰ ਨੇ ਕਿਹਾ ਕਿ ਖੇਤੀ ਪ੍ਰਧਾਨ ਸੂਬੇ ਪੰਜਾਬ ਦੇ ਕਿਸਾਨਾਂ ਨੂੰ ਵਿਗਿਆਨਕ ਲੀਹਾਂ ਤੇ ਖੇਤੀ ਲਈ ਉਤਸ਼ਾਹਿਤ ਕਰਨ ਵਿੱਚ ਵਿਗਿਆਨ ਦਾ ਸਹੀ ਸੰਚਾਰ ਅਹਿਮ ਭੂਮਿਕਾ ਨਿਭਾਉਂਦਾ ਹੈ, ਜਿਸ ਲਈ ਸਾਨੂੰ ਆਮ ਬੋਲ-ਚਾਲ ਦੀ ਭਾਸ਼ਾ ਵਿਚ ਕਿਸਾਨਾ ਨੂੰ ਸੁਸਿੱਖਿਅਤ ਕਰਨ ਦੀ ਲੋੜ ਹੈ |

ਇਸ ਮੌਕੇ ਪ੍ਰੋਫੈਸਰ ਗੁਰਭਜਨ ਗਿੱਲ, ਸਾਬਕਾ ਪ੍ਰਧਾਨ, ਪੰਜਾਬ ਸਾਹਿਤ ਅਕਾਦਮੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੁੰਦਿਆਂ ਕਿਹਾ ਕਿ ਕਿਸਾਨਾਂ ਤੱਕ ਆਪਣੇ ਸੰਦੇਸ਼ ਪਹੁੰਚਾਉਣ ਲਈ ਸਾਨੂੰ ਜਿੱਥੇ ਨਵੇਂ, ਸਮੇਂ ਦੇ ਹਾਣੀ ਅਤੇ ਰੌਚਿਕਤਾ ਭਰਪੂਰ ਢੰਗ ਤਰੀਕੇ ਅਪਨਾਉਣੇ ਚਾਹੀਦੇ ਹਨ ਉਥੇ ਭਾਸ਼ਾ ਉੱਤੇ ਸਾਡੀ ਸਹੀ ਪਕੜ ਅਤੇ ਸ਼ਬਦਾਂ ਦਾ ਅਮੁੱਕ ਭੰਡਾਰ ਵੀ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਸਹੀ ਅਤੇ ਢੁੱਕਵੇਂ ਸ਼ਬਦਾਂ ਦੀ ਵਰਤੋਂ ਕਰਕੇ ਅਸੀਂ ਆਪਣੀ ਗੱਲ ਨੂੰ ਕਿਸਾਨਾਂ ਤੱਕ ਪਹੁੰਚਾ ਸਕੀਏ |

ਡਾ. ਕੇ.ਐੱਸ. ਬਾਠ, ਜੁਆਇੰਟ ਨਿਰਦੇਸ਼ਕ, ਸਾਇੰਸ ਅਤੇ ਤਕਨਾਲੋਜੀ ਲਈ ਪੰਜਾਬ ਰਾਜ ਪ੍ਰੀਸ਼ਦ ਨੇ ਇਸ ਵਰਕਸ਼ਾਪ ਅਤੇ ਆਉਣ ਵਾਲੇ ਹੋਰ ਪ੍ਰੋਗਰਾਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਡਾ. ਅਨਿਲ ਕੁਮਾਰ ਸ਼ਰਮਾ, ਸਹਾਇਕ ਨਿਰਦੇਸ਼ਕ, ਸੰਚਾਰ ਕੇਂਦਰ ਨੇ ਵਰਕਸ਼ਾਪ ਵਿੱਚ ਸ਼ਿਰਕਤ ਕਰ ਰਹੇ ਪਤਵੰਤਿਆਂ ਅਤੇ ਸਿਖਿਆਰਥੀਆਂ ਨੂੰ ਜੀ ਆਇਆ ਨੂੰ ਕਿਹਾ | ਡਾ. ਤੇਜਿੰਦਰ ਸਿੰਘ ਰਿਆੜ, ਅਪਰ ਨਿਰਦੇਸ਼ਕ ਸੰਚਾਰ, ਪੀ.ਏ.ਯੂ. ਨੇ ਧੰਨਵਾਦ ਦੇ ਸ਼ਬਦ ਕਹੇ ਅਤੇ ਉਮੀਦ ਪ੍ਰਗਟ ਕੀਤੀ ਕਿ ਇਸ ਦੋ ਰੋਜ਼ਾ ਵਰਕਸ਼ਾਪ ਤੋਂ ਸਾਡੇ ਵਿਦਿਆਰਥੀ ਅਤੇ ਫੈਕਲਟੀ ਮੈਂਬਰ ਭਰਪੂਰ ਫਾਇਦਾ ਲੈ ਸਕਣਗੇ |

Facebook Comments

Trending

Copyright © 2020 Ludhiana Live Media - All Rights Reserved.