ਪੰਜਾਬੀ

ਪੀ.ਏ.ਯੂ. ਵਿੱਚ ਹੋਇਆ ਮਹਿਕਾਂ ਵੰਡਦਾ ਦੋ ਰੋਜ਼ਾ ਗੁਲਦਾਉਦੀ ਸ਼ੋਅ  

Published

on

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਦੇ ਵਿਹੜੇ ਵਿੱਚ ਵੱਖ-ਵੱਖ ਕਿਸਮਾਂ ਨੂੰ ਪ੍ਰਦਰਸ਼ਿਤ ਕਰਨ ਵਾਲਾ ਦੋ ਰੋਜਾ ਗੁਲਦਾਉਦੀ ਸ਼ੋਅ ਕਰਵਾਇਆ ਗਿਆ| ਇਹ ਸ਼ੋਅ ਪੀ.ਏ.ਯੂ. ਦੇ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਅਤੇ ਅਸਟੇਟ ਆਰਗੇਨਾਈਜੇਸਨ ਦੁਆਰਾ ਸਾਂਝੇ ਤੌਰ ’ਤੇ ਆਯੋਜਿਤ ਕੀਤਾ ਗਿਆ ਅਤੇ ਉੱਘੇ ਪੰਜਾਬੀ ਕਵੀ ਭਾਈ ਵੀਰ ਸਿੰਘ ਦੀ ਯਾਦ ਨੂੰ ਸਮਰਪਿਤ ਹੈ |
 ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਫੁੱਲ ਮਨੁੱਖੀ ਭਾਵਨਾਵਾਂ ਅਤੇ ਕੁਦਰਤ ਦਾ ਪ੍ਰਤੀਕ ਹਨ, ਪਰ ਫੁੱਲਾਂ ਦੀ ਵਰਤੋਂ ਮਨੁੱਖ ਦੇ ਵੱਖ-ਵੱਖ ਜ਼ਜ਼ਬਾਤ ਜਿਵੇਂ ਖੁਸ਼ੀ-ਖੁਸ਼ੀ, ਪ੍ਰਸੰਸਾ ਅਤੇ ਸ਼ਰਧਾ  ਦੇ ਨਾਲ-ਨਾਲ ਹਮਦਰਦੀ, ਧੰਨਵਾਦ ਆਦਿ ਦਾ ਪ੍ਰਗਟਾਵਾ ਵੀ ਫੁੱਲਾਂ ਰਾਹੀਂ ਹੁੰਦਾ ਹੈ |
ਉਹਨਾਂ ਕਿਹਾ ਕਿ ਕੁਦਰਤ ਦੇ ਨੇੜੇ ਰਹਿਣਾ ਮਨੁੱਖ ਦੀ ਸਭ ਤੋਂ ਵੱਡੀ ਪ੍ਰਾਪਤੀ ਅਤੇ ਖੁਸ਼ੀ ਹੁੰਦਾ ਹੈ | ਡਾ. ਗੋਸਲ ਨੇ ਕਿਹਾ ਕਿ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਸ਼ੋਅ ਨੂੰ ਆਧੁਨਿਕ ਪੰਜਾਬੀ ਕਵਿਤਾ ਦੇ ਪਿਤਾਮਾ ਭਾਈ ਵੀਰ ਸਿੰਘ ਨਾਲ ਜੋੜਿਆ ਜਾਂਦਾ ਹੈ | ਭਾਈ ਵੀਰ ਸਿੰਘ ਦੀ ਕਵਿਤਾ ਕੁਦਰਤ ਪ੍ਰੇਮ ਦਾ ਵਿਲੱਖਣ ਨਮੂਨਾ ਹੈ | ਉਹਨਾਂ ਨੇ ਗੁਲਾਬ ਤੋਂ ਲੈ ਕੇ ਗੁਲਦਾਉਦੀ ਤੱਕ ਹਰ ਫੁੱਲਾਂ ਨੂੰ ਆਪਣੀ ਕਵਿਤਾ ਵਿੱਚ ਕੁਦਰਤ ਦੇ ਸੁਹੱਪਣ ਦੇ ਰੂਪ ਵਿੱਚ ਪੇਸ਼ ਕੀਤਾ |
ਡਾ. ਗੋਸਲ ਨੇ ਕਿਹਾ ਕਿ ਇਸ ਸ਼ੋਅ ਨਾਲ ਭਾਈ ਵੀਰ ਸਿੰਘ ਦਾ ਨਾਮ ਜੋੜ ਕੇ ਯੂਨੀਵਰਸਿਟੀ ਨੇ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦਾ ਸੁਨੇਹਾ ਵੀ ਪ੍ਰਸਾਰਿਤ ਕੀਤਾ ਹੈ | ਉਹਨਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਪੰਜਾਬ ਦੇ ਕਿਸਾਨ ਵਪਾਰਕ ਫੁੱਲਾਂ ਦੀ ਖੇਤੀ ਦੀ ਸੰਭਾਵਨਾ ਦਾ ਲਾਭ ਉਠਾ ਸਕਦੇ ਹਨ, ਇਹ ਫਸਲੀ ਵਿਭਿੰਨਤਾ ਲਈ ਇੱਕ ਵਿਹਾਰਕ ਬਦਲ ਵੀ ਹੈ|
ਭਿੰਨ-ਭਿੰਨ ਰੰਗਾਂ ਵਿੱਚ ਗੁਲਦਾਉਦੀ ਦੀਆਂ ਕਈ ਕਿਸਮਾਂ ਨੇ ਦਰਸਕਾਂ ਦੀਆਂ ਅੱਖਾਂ ਨੂੰ ਮੋਹ ਲਿਆ | ਸੋਅ ਦੌਰਾਨ 3,000 ਤੋਂ ਵੱਧ ਗੁਲਦਸਤਿਆਂ ਵਿੱਚ 150 ਤੋਂ ਵੱਧ ਵੱਖ-ਵੱਖ ਕਿਸਮਾਂ ਵਿਲੱਖਣ ਨਜ਼ਾਰਾ ਪੇਸ਼ ਕਰ ਰਹੀਆਂ ਸਨ |  25ਵੇਂ ਗੁਲਦਾਉਦੀ ਸੋਅ ਅਤੇ ਪੀ.ਏ.ਯੂ. ਦੀ ਡਾਇਮੰਡ ਜੁਬਲੀ ਮੌਕੇ ਵਿਦਿਆਰਥੀਆਂ ਵੱਲੋਂ ਬਣਾਈਆਂ ਗਈਆਂ ਫੁੱਲਾਂ ਦੀਆਂ ਰੰਗੋਲੀਆਂ ਨੇ ਸਭ ਦੀਆਂ ਅੱਖਾਂ ਵਿੱਚ ਖੁਸ਼ੀ ਅਤੇ ਸੁਹਜ ਭਰ ਦਿੱਤਾ |
ਇਸ ਦੌਰਾਨ ਫੁੱਲਾਂ ਦੇ ਬੀਜਾਂ ਦੇ ਪ੍ਰਸਿੱਧ ਨਿਰਯਾਤਕ ਸ੍ਰੀ ਅਵਤਾਰ ਸਿੰਘ ਢੀਂਡਸਾ ਵੱਲੋਂ ਪੀ.ਏ.ਯੂ. ਵਿਖੇ ਫਲੋਰੀਕਲਚਰ ਦੇ ਸਾਬਕਾ ਪ੍ਰੋਫੈਸਰ ਡਾ. ਏ.ਪੀ.ਐਸ. ਗਿੱਲ ਦੇ ਸਨਮਾਨ ਵਿੱਚ ਐੱਮ ਐੱਸ ਸੀ ਫਲੋਰੀਕਲਚਰ ਦੇ ਵਿਦਿਆਰਥੀਆਂ ਲਈ ਸੋਨ ਤਮਗੇ ਦੀ ਸਥਾਪਨਾ ਕੀਤੀ ਗਈ|

Facebook Comments

Trending

Copyright © 2020 Ludhiana Live Media - All Rights Reserved.