ਪੰਚਕੂਲਾ/ਚੰਡੀਗੜ੍ਹ : ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀਬੀਆਈ ਕੋਰਟ ਨੇ ਰਣਜੀਤ ਸਿੰਘ ਹੱਤਿਆ ਮਾਮਲੇ ‘ਚ ਫ਼ੈਸਲੇ ਲਈ ਤਰੀਕ ਸੁਰੱਖਿਅਤ ਰੱਖੀ। ਪਿਛਲੀ ਸੁਣਵਾਈ ‘ਚ ਫਾਈਨਲ ਬਹਿਸ ਪੂਰੀ ਹੋਣ ਤੋਂ ਬਾਅਦ ਅੱਜ ਸੁਣਵਾਈ ਦੌਰਾਨ 24 ਅਗਸਤ ਦੀ ਤਰੀਕ ਯਕੀਨੀ ਬਣਾਈ ਗਈ ਹੈ। 24 ਅਗਸਤ ਨੂੰ ਸੀਬੀਆਈ ਕੋਰਟ ਵੱਲੋਂ ਫ਼ੈਸਲਾ ਸੁਣਾਇਆ ਜਾ ਸਕਦਾ ਹੈ। ਅੱਜ ਦੀ ਸੁਣਵਾਈ ਦੌਰਾਨ ਬਚਾਅ ਧਿਰ ਨੇ ਸੀਬੀਆਈ ਕੋਰਟ ‘ਚ ਫਾਈਨਲ ਬਹਿਸ ਦੇ ਸਾਰੇ ਦਸਤਾਵੇਜ਼ ਜਮ੍ਹਾਂ ਕੀਤੇ।
ਡੇਰਾ ਪ੍ਰਬੰਧਕ ਰਣਜੀਤ ਸਿੰਘ ਹੱਤਿਆਕਾਂਡ ‘ਚ ਸੀਬੀਆਈ ਵੱਲੋਂ ਬਚਾਅ ਧਿਰ ਵੱਲੋਂ ਦਿੱਤੀਆਂ ਗਈਆਂ ਦਲੀਲਾਂ ‘ਤੇ ਆਪਣਾ ਪੱਖ ਰੱਖਣ ਲਈ ਸਮਾਂ ਮੰਗਿਆ ਗਿਆ। ਸੀਬੀਆਈ ਦੇ ਵਕੀਲ ਐੱਚਪੀਐੱਸ ਵਰਮਾ ਨੇ ਅਦਾਲਤ ਨੂੰ ਕਿਹਾ ਕਿ ਉਹ ਜਵਾਬ ਦੇਣ ਲਈ ਕੁਝ ਸਮਾਂ ਚਾਹੁੰਦੇ ਹਨ ਪਰ ਅਦਾਲਤ ਵੱਲੋਂ ਸਮਾਂ ਦੇਣ ਤੋਂ ਇਨਕਾਰ ਕਰਦੇ ਹੋਏ ਰਣਜੀਤ ਹੱਤਿਆਕਾਂਡ ‘ਚ ਫ਼ੈਸਲਾ ਸੁਣਾਉਣ ਲਈ 24 ਅਗਸਤ ਸੁਰੱਖਿਅਤ ਕਰ ਲਈ। ਜ਼ਿਕਰਯੋਗ ਹੈ ਕਿ ਗੁਰਮੀਤ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ 2 ਸਾਧਵੀਆਂ ਦੇ ਜਿਨਸੀ ਸ਼ੋਸ਼ਣ ‘ਚ 20 ਸਾਲ ਦੀ ਸਜ਼ਾ ਅਤੇ ਪੱਤਰਕਾਰ ਰਾਮਚੰਦਰ ਛਤਰਪਤੀ ਹਤਿਆਕਾਂਡ ‘ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।