ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਹੁਣ ਇਸ ਵਾਇਰਸ ਕਾਰਨ ਪਾਕਿਸਤਾਨ ਦੇ ਖਿਡਾਰੀ ਦੀ ਮੌਤ ਹੋ ਗਈ ਹੈ। ਸੋਮਵਾਰ ਨੂੰ ਸਾਬਕਾ ਫਰਸਟ ਕਲਾਸ ਕ੍ਰਿਕਟਰ ਜਫ਼ਰ ਸਰਫਰਾਜ ਦਾ 50 ਸਾਲ ਦੀ ਉਮਰ ਚ ਦੇਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਮੰਗਲਵਾਰ ਨੂੰ ਹੀ ਉਨ੍ਹਾਂ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਸੀ। ਇਸ ਤੋਂ ਪਹਿਲਾਂ ਸਕੁਐਸ਼ ਖਿਡਾਰੀ ਆਜ਼ਮ ਖਾਨ ਦਾ ਇੰਗਲੈਂਡ ਚ ਦੇਹਾਂਤ ਹੋ ਗਿਆ ਸੀ।
ਕੋਰੋਨਾ ਵਾਇਰਸ ਕਾਰਨ ਪਿਛਲੇ 3 ਹਫਤੇ ਵਿੱਚ ਖੇਡ ਜਗਤ ਦੇ 7 ਮਹਾਨ ਖਿਡਾਰੀ ਆਪਣੀ ਜਾਨ ਗਵਾ ਚੁੱਕੇ ਹਨ। ਜਫ਼ਰ ਖੱਬੇ ਹੱਥ ਨਾਲ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਕਰਦੇ ਹਨ ਅਤੇ ਉਨ੍ਹਾਂ ਨੇ 1988 ਤੋਂ 1994 ਤੱਕ ਫਰਸਟ ਕਲਾਸ ਕ੍ਰਿਕਟ ‘ਚ ਆਪਣਾ ਯੋਗਦਾਨ ਦਿੱਤਾ ਸੀ। ਉਨ੍ਹਾਂ ਨੇ ਪੇਸ਼ਾਵਰ ਲਈ 15 ਮੈਚਾਂ ਚ 616 ਦੌੜਾਂ ਬਣਾਈਆਂ ਸਨ ਅਤੇ 1994 ਚ ਉਨ੍ਹਾਂ ਨੇ ਸੰਨਿਆਸ ਲੈ ਲਿਆ ਸੀ। ਇਸ ਤੋਂ ਇਲਾਵਾ ਪਾਕਿਸਤਾਨ ਚ 5 ਹਜ਼ਾਰ ਤੋਂ ਜ਼ਿਆਦਾ ਲੋਕ ਸੰਕਰਮਿਤ ਪਾਏ ਗਏ ਹਨ ਅਤੇ ਕਰੀਬ 96 ਲੋਕਾਂ ਦੀ ਮੌਤ ਹੋ ਚੁੱਕੀ ਹੈ।