ਖੇਤੀਬਾੜੀ

ਪੀ.ਏ.ਯੂ. ਦੇ ਨੌਜਵਾਨ ਖੇਤੀ ਇੰਜਨੀਅਰਾਂ ਨੇ ਰਾਸ਼ਟਰੀ ਪੱਧਰ ਤੇ ਦੂਜਾ ਸਥਾਨ ਹਾਸਲ ਕੀਤਾ

Published

on

ਲੁਧਿਆਣਾ : ਪੀ.ਏ.ਯੂ. ਦੇ ਖੇਤੀ ਇੰਜਨੀਅਰਿੰਗ ਅਤੇ ਤਕਨਾਲੋਜੀ ਕਾਲਜ ਦੇ 2019 ਬੈਚ ਦੇ 25 ਵਿਦਿਆਰਥੀਆਂ ਦੀ ਇੱਕ ਟੀਮ ਨੇ ਬੀਤੇ ਦਿਨੀਂ ਰਾਸ਼ਟਰੀ ਪੱਧਰ ਦੇ ਮੁਕਾਬਲੇ ‘ਤਿਫ਼ਾਨ-2022’ ਵਿੱਚ ਦੂਸਰਾ ਸਥਾਨ ਹਾਸਲ ਕੀਤਾ ਹੈ । ਇਸ ਸੰਬੰਧੀ ਇੱਕ ਸਮਾਗਮ ਅੱਜ ਇਹਨਾਂ ਵਿਦਿਆਰਥੀਆਂ ਦੇ ਮਾਣ ਵਿੱਚ ਕਰਵਾਇਆ ਗਿਆ ਜਿਸ ਵਿੱਚ ਕਾਲਜ ਦੇ ਇੰਜਨੀਅਰਾਂ ਨੇ ਸ਼ਾਮਿਲ ਹੋ ਕੇ ਪੀ.ਏ.ਯੂ. ਲਈ ਮਾਣ ਹਾਸਲ ਕਰਨ ਵਾਲੇ ਇਹਨਾਂ ਵਿਦਿਆਰਥੀਆਂ ਨੂੰ ਸ਼ਾਬਾਸ਼ ਕਿਹਾ ।

ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਅਸ਼ੋਕ ਕੁਮਾਰ ਨੇ ਦੱਸਿਆ ਕਿ ਤਿਫਾਨ ਰਾਸ਼ਟਰੀ ਪੱਧਰ ਤੇ ਵਿਦਿਆਰਥੀਆਂ ਦਾ ਇੱਕ ਮੁਕਾਬਲਾ ਹੈ ਜਿਸ ਵਿੱਚ ਤਕਨਾਲੋਜੀ ਦੀ ਕਾਢ ਅਤੇ ਨਵੀਂ ਤਕਨੀਕ ਬਾਰੇ ਇੰਜਨੀਅਰਾਂ ਦੀ ਪਹੁੰਚ ਦੀ ਪਰਖ ਹੁੰਦੀ ਹੈ । ਉਹਨਾਂ ਦੱਸਿਆ ਕਿ ਇਸ ਵਿੱਚ ਸਿਰਫ਼ ਖੇਤੀ ਇੰਜਨੀਅਰ ਨਹੀਂ ਬਲਕਿ ਹਰ ਇੰਜਨੀਅਰਿੰਗ ਵਰਗ ਦੇ ਵਿਦਿਆਰਥੀ ਹਿੱਸਾ ਲੈਂਦੇ ਹਨ ।

ਇਸ ਵਾਰ ਦਾ ਮੁਕਾਬਲਾ ਸੋਸਾਇਟੀ ਆਫ ਆਟੋਮੋਟਿਵ ਇੰਜਨੀਅਰਜ਼ ਇੰਡੀਆ ਅਤੇ ਜੌਂਨਡੀਅਰ ਇੰਡੀਆ ਪੂਨੇ ਵਲੋਂ ਸਾਂਝੇ ਰੂਪ ਵਿੱਚ ਆਯੋਜਿਤ ਕੀਤਾ ਗਿਆ ਸੀ ਅਤੇ ਇਸ ਵਾਰ ਦਾ ਥੀਮ ‘ਪਿਆਜ਼ ਦੀ ਪੁਟਾਈ ਕਰਨ ਵਾਲੀ ਸਵੈਚਾਲਿਤ ਮਸ਼ੀਨ’ ਸੀ । ਉਹਨਾਂ ਦੱਸਿਆ ਪੀ.ਏ.ਯੂ. ਦੇ ਖੇਤੀ ਇੰਜਨੀਅਰਿੰਗ ਕਾਲਜ ਦੀ ਟੀਮ ਨੂੰ ਕੋਇਟੀਅਨਜ਼ ਸੀ ਜਿਸਦੀ ਦੀ ਕਪਤਾਨੀ ਅਰਸ਼ਦੀਪ ਸਿੰਘ ਨੇ ਕੀਤੀ । ਇਸ ਟੀਮ ਨੇ ਪਿਆਜ਼ ਦੀ ਪੁਟਾਈ ਕਰਨ ਵਾਲੀ ਸਵੈਚਾਲਿਤ ਮਸ਼ੀਨ ਦਾ ਡਿਜ਼ਾਇਨ ਬਣਾ ਕੇ ਕਾਲਜ ਦੇ ਮਾਹਿਰਾਂ ਦੀ ਅਗਵਾਈ ਵਿੱਚ ਉਸ ਉਪਰ ਕੰਮ ਕੀਤਾ ।

ਇੱਥੇ ਜ਼ਿਕਰਯੋਗ ਹੈ ਕਿ ਇਸ ਮੁਕਾਬਲੇ ਵਿੱਚ ਕੌਮੀ ਪੱਧਰ ਤੇ 80 ਤੋਂ ਵਧੇਰੇ ਟੀਮਾਂ ਸ਼ਾਮਿਲ ਸਨ, ਜਿਨਾਂ ਵਿੱਚੋਂ 25 ਟੀਮਾਂ ਨੂੰ ਚੁਣਿਆ ਗਿਆ ਸੀ । ਆਨਲਾਈਨ ਗੱਲਬਾਤ ਤੋਂ ਇਲਾਵਾ ਮਸ਼ੀਨ ਦਾ ਖੇਤ ਪ੍ਰਦਰਸ਼ਨ ਪੀ.ਏ.ਯੂ. ਵਿਖੇ ਹੋਇਆ । ਉਦਯੋਗਿਕ ਸੰਪਰਕਾਂ ਦੇ ਸਹਿਯੋਗੀ ਨਿਰਦੇਸ਼ਕ ਡਾ. ਵਿਸ਼ਾਲ ਬੈਕਟਰ ਨੇ ਕਿਹਾ ਕਿ ਇਹ ਸਫਲਤਾ ਇਸ ਟੀਮ ਦੇ ਪਿਛਲੇ ਲਗਪਗ ਇੱਕ ਸਾਲ ਦੀ ਮਿਹਨਤ ਦਾ ਸਿੱਟਾ ਹੈ । ਇਸ ਮਸ਼ੀਨ ਨੂੰ ਪਿਛਲੇ 10 ਮਹੀਨਿਆਂ ਦੌਰਾਨ ਵੱਖ-ਵੱਖ ਪਰਖ ਪ੍ਰਕਿਰਿਆਵਾਂ ਵਿੱਚੋਂ ਗੁਜ਼ਾਰਿਆ ਗਿਆ ।

Facebook Comments

Trending

Copyright © 2020 Ludhiana Live Media - All Rights Reserved.