ਪੰਜਾਬ ਨਿਊਜ਼

ਪੀ.ਏ.ਯੂ. ਵਿਖੇ ਪੰਜਾਬ ਦੇ ਸ਼ਹਿਦ ਮੱਖੀ ਪਾਲਕਾਂ ਦਾ ਹੋਇਆ ਵਿਸ਼ੇਸ਼ ਸੰਮੇਲਨ

Published

on

ਲੁਧਿਆਣਾ : ਪੀ.ਏ.ਯੂ. ਵਿਖੇ ਪੰਜਾਬ ਦੇ ਅਗਾਂਹਵਧੂ ਸ਼ਹਿਦ ਮੱਖੀ ਪਾਲਕਾਂ ਦੀ ਪੰਜਾਬ ਬੀ-ਕੀਪਰਜ਼ ਐਸੋਸੀਏਸ਼ਨ ਵੱਲੋਂ ਅੱਜ ਨਿਰਦੇਸ਼ਕ ਪਸਾਰ ਸਿੱਖਿਆ, ਬਾਗਬਾਨੀ ਵਿਭਾਗ ਅਤੇ ਮਾਰਕਫੈੱਡ ਦੇ ਸਹਿਯੋਗ ਨਾਲ ਸ਼ਹਿਦ ਮੱਖੀ ਪਾਲਕਾਂ ਦਾ ਸੰਮੇਲਨ ਹੋਇਆ । ਇਸ ਵਿੱਚ ਮੁੱਖ ਮਹਿਮਾਨ ਵਜੋਂ ਨਿਰਦੇਸ਼ਕ ਬਾਗਬਾਨੀ ਵਿਭਾਗ ਪੰਜਾਬ ਸ੍ਰੀਮਤੀ ਸੈਲੇਂਦਰ ਕੌਰ ਆਈ ਐੱਫ ਐੱਸ ਸ਼ਾਮਿਲ ਹੋਏ ਜਦਕਿ ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਿਲ ਸਨ ।

 

ਡਾ. ਸੈਲੇਂਦਰ ਕੌਰ ਨੇ ਮਧੂ ਮੱਖੀ ਦੇ ਕਿੱਤੇ ਨੂੰ ਖੇਤੀ ਦੇ ਸਹਾਇਕ ਧੰਦੇ ਦੇ ਨਾਲ-ਨਾਲ ਮੁੱਖ ਧੰਦੇ ਵਜੋਂ ਵਿਕਸਿਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ । ਉਹਨਾਂ ਕਿਹਾ ਕਿ ਬਾਗਬਾਨੀ ਵਿਭਾਗ ਵੱਲੋਂ ਸ਼ਹਿਦ ਮੱਖੀ ਮਾਹਿਰਾਂ ਨਾਲ ਮਿਲ ਕੇ ਉਹਨਾਂ ਰੁੱਖਾਂ ਨੂੰ ਲਾਉਣ ਦੀ ਯੋਜਨਾ ਹੈ ਜਿਨਾਂ ਤੋਂ ਮੱਖੀਆਂ ਸ਼ਹਿਦ ਹਾਸਲ ਕਰ ਸਕਣ । ਉਹਨਾਂ ਨੇ ਇਸ ਕਾਰਜ ਲਈ ਸਾਂਝ ਅਤੇ ਸੰਪਰਕ ਦੇ ਖੇਤਰ ਨੂੰ ਹੋਰ ਵਧਾਉਣ ਦੀ ਲੋੜ ਬਾਰੇ ਗੱਲ ਕੀਤੀ ।

ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਕਿ ਯੂਨੀਵਰਸਿਟੀ ਨੇ ਸ਼ਹਿਦ ਮੱਖੀ ਪਾਲਣ ਦੇ ਖੇਤਰ ਵਿੱਚ ਖੋਜ ਦਾ ਵਿਲੱਖਣ ਕਾਰਜ ਕੀਤਾ ਹੈ ਅਤੇ ਇਹ ਕਾਰਜ ਲਗਾਤਾਰ ਜਾਰੀ ਹੈ । ਉਹਨਾਂ ਕਿਹਾ ਕਿ ਪੰਜਾਬ ਦੇ ਪੇਂਡੂ ਨੌਜਵਾਨਾਂ, ਬੇਜ਼ਮੀਨੇ ਕਿਸਾਨਾਂ ਅਤੇ ਪੱਛੜੇ ਵਰਗਾਂ ਨੂੰ ਸ਼ਹਿਦ ਮੱਖੀ ਪਾਲਣ ਦੀ ਵਿਗਿਆਨਕ ਸਿਖਲਾਈ ਯੂਨੀਵਰਸਿਟੀ ਵੱਲੋਂ ਲਗਾਤਾਰ ਦਿੱਤੀ ਜਾ ਰਹੀ ਹੈ ।

ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਇਸ ਸੰਬੰਧ ਵਿੱਚ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਸਿਖਲਾਈ ਯੋਜਨਾਵਾਂ ਬਾਰੇ ਗੱਲ ਕਰਨ ਦੇ ਨਾਲ-ਨਾਲ ਪਸਾਰ ਗਤੀਵਿਧੀਆਂ ਦਾ ਵਿਸ਼ੇਸ਼ ਜ਼ਿਕਰ ਕੀਤਾ । ਕੀਟ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਡਾ. ਪੀ.ਕੇ. ਛੁਨੇਜਾ ਨੇ ਵਿਸ਼ਵ ਸ਼ਹਿਦ ਮੱਖੀ ਦਿਵਸ ਬਾਰੇ ਵਿਸਥਾਰ ਨਾਲ ਗੱਲ ਕੀਤੀ । ਉਹਨਾਂ ਸ਼ਹਿਦ ਮੱਖੀ ਪਾਲਣ ਦੇ ਕਿੱਤੇ ਨੂੰ ਹੋਰ ਵਧਾਉਣ ਵਿੱਚ ਵਿਭਾਗ ਵੱਲੋਂ ਕੀਤੇ ਜਾ ਰਹੇ ਕਾਰਜਾਂ ਦਾ ਜ਼ਿਕਰ ਕੀਤਾ ।

ਸਕੂਲ ਆਫ਼ ਬਿਜ਼ਨਸ ਸਟੱਡੀਜ਼ ਦੇ ਨਿਰਦੇਸ਼ਕ ਡਾ. ਰਮਨਦੀਪ ਸਿੰਘ ਜੱਸਲ ਨੇ ਸ਼ਹਿਦ ਦੇ ਉਤਪਾਦਨ ਤੋਂ ਬਾਅਦ ਪ੍ਰੋਸੈਸਿੰਗ, ਮੁੱਲ ਵਾਧੇ ਅਤੇ ਮੰਡੀਕਰਨ ਦੇ ਅਹਿਮ ਨੁਕਤੇ ਸਾਂਝੇ ਕੀਤੇ । ਉਹਨਾਂ ਦੱਸਿਆ ਕਿ ਸ਼ਹਿਦ ਹੁਣ ਸਿਰਫ ਖਾਣ ਵਾਲੀ ਵਸਤੂ ਨਹੀਂ ਰਿਹਾ ਬਲਕਿ ਇਸਦੇ ਅਨੇਕਾਂ ਸੁੰਦਰਤਾ ਉਤਪਾਦ ਬਜ਼ਾਰ ਵਿੱਚ ਉਪਲੱਬਧ ਹਨ । ਪੰਜਾਬ ਦੇ ਸ਼ਹਿਦ ਉਤਪਾਦਕਾਂ ਨੂੰ ਵੀ ਇਹਨਾਂ ਉਤਪਾਦਨ ਵਿਧੀਆਂ ਦੇ ਧਾਰਨੀ ਹੋਣ ਦਾ ਸੱਦਾ ਡਾ. ਰਮਨਦੀਪ ਸਿੰਘ ਨੇ ਦਿੱਤਾ ।

 

Facebook Comments

Trending

Copyright © 2020 Ludhiana Live Media - All Rights Reserved.