ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਟੀਚਰਜ਼ ਯੂਨੀਅਨ, ਗੂਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਈਸਿਜ਼ ਯੂਨੀਵਰਸਿਟੀ ਟੀਚਰਜ਼ ਯੂਨੀਅਨ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਪਿਛਲੇ 6 ਦਿਨਾਂ ਤੋਂ ਪੀ.ਏ.ਯੂ. ਅਧਿਆਪਕ ਯੂਨੀਅਨ ਦੇ ਪ੍ਰਧਾਨ ਡਾ.ਹਰਮੀਤ ਸਿੰਘ ਕਿੰਗਰਾ ਮਰਨ ਵਰਤ ‘ਤੇ ਚੱਲ ਰਹੇ ਹਨ।
ਉਨ੍ਹਾਂ ਦਾ ਮਰਨ ਵਰਤ ਅੱਜ ਵੀ ਜਾਰੀ ਰਿਹਾ ਅਤੇ ਉਨ੍ਹਾਂ ਨੇ ਐਲਾਨ ਕੀਤਾ ਕਿ ਮੰਗਾਂ ਮੰਨੇ ਜਾਣ ਤੱਕ ਉਹ ਆਪਣਾ ਮਰਨ ਵਰਤ ਜਾਰੀ ਰੱਖਣਗੇ। ਡਾ.ਕਿੰਗਰਾ ਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ 7ਵੇਂ ਤਨਖ਼ਾਹ ਕਮਿਸ਼ਨਰ ਦੀਆਂ ਸਿਫਾਰਸ਼ਾਂ ਲਾਗੂ ਕਰਨ, ਅਧਿਆਪਕਾਂ ਨੂੰ ਯੂ.ਜੀ.ਸੀ. ਗ੍ਰੇਡ ਅਨੁਸਾਰ ਤਨਖਾਹ ਸਕੇਲ ਦੇਣ ਅਤੇ ਅਧਿਆਪਕਾਂ ਦੀਆਂ ਹੋਰ ਜਾਇਜ਼ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਪਰ ਪੰਜਾਬ ਦੀ ਗੂੰਗੀ ਬੋਲੀ ਸਰਕਾਰ ਤੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਕੰਨ ‘ਤੇ ਜੰੂ ਤੱਕ ਨਹੀਂ ਸਰਕ ਰਹੀ।
ਉਨ੍ਹਾਂ ਕਿਹਾ ਕਿ ਉਹ ਆਪਣੀ ਕੁਰਬਾਨੀ ਦੇਣ ਨੂੰ ਤਿਆਰ ਹਨ, ਪਰ ਮੰਗਾਂ ਮੰਨਣ ਤੋਂ ਪਹਿਲਾਂ ਮਰਨ ਵਰਤ ਨਹੀਂ ਖੋਲ੍ਹਣਗੇ। ਰੋਸ ਧਰਨੇ ਵਿਚ ਪੀ.ਏ.ਯੂ. ਅਧਿਆਪਕ ਯੂਨੀਅਨ ਦੇ ਜਨਰਲ ਸਕੱਤਰ ਡਾ. ਕੇ.ਐਸ. ਸੰਘਾ, ਡਾ.ਜੀ.ਪੀ. ਐਸ. ਢਿੱਲੋਂ, ਡਾ.ਜੈਪਾਲ ਸਿੰਘ, ਸੁਰਿੰਦਰ ਕੁਮਾਰ, ਡਾ. ਸ਼ਿਵ ਕੁਮਾਰ, ਡਾ.ਨਿਲੇਸ਼ ਬਿਵਾਲਕਰ, ਡਾ.ਸੁਖਪ੍ਰੀਤ ਸਿੰਘ ਵੀ ਹਾਜ਼ਰ ਸਨ।