ਖੇਤੀਬਾੜੀ

ਪੀ.ਏ.ਯੂ. ਵਿੱਚ ਭੂਮੀ ਅਤੇ ਪਾਣੀ ਦੀ ਸੰਭਾਲ ਬਾਰੇ ਖੋਜ ਅਤੇ ਪਸਾਰ ਮਾਹਿਰਾਂ ਦੀ ਵਰਕਸ਼ਾਪ 

Published

on

ਲੁਧਿਆਣਾ : ਅੱਜ ਪੀ.ਏ.ਯੂ. ਵਿੱਚ ਭੂਮੀ ਅਤੇ ਪਾਣੀ ਦੀ ਸੰਭਾਲ ਦੇ ਮੁੱਦੇ ਤੇ ਵਿਚਾਰ ਕਰਨ ਲਈ ਖੋਜ ਅਤੇ ਪਸਾਰ ਮਾਹਿਰਾਂ ਦੀ ਗੋਸ਼ਟੀ ਹੋਈ । ਕੋਰੋਨਾ ਕਾਲ ਤੋਂ ਬਾਅਦ ਹਕੀਕੀ ਰੂਪ ਵਿੱਚ ਕਰਵਾਈ ਗਈ ਇਸ ਗੋਸ਼ਟੀ ਵਿੱਚ ਪੰਜਾਬ ਦੇ ਭੂਮੀ ਸੰਭਾਲ ਅਧਿਕਾਰੀ, ਪਾਣੀ ਸੰਭਾਲ ਅਧਿਕਾਰੀ, ਕਿ੍ਰਸ਼ੀ ਵਿਗਿਆਨ ਕੇਂਦਰਾਂ ਦੇ ਮਾਹਿਰ, ਕਿਸਾਨ ਸੇਵਾ ਸਲਾਹਕਾਰ ਕੇਂਦਰਾਂ ਦੇ ਵਿਗਿਆਨੀ ਅਤੇ ਪੀ.ਏ.ਯੂ. ਦੇ ਮਾਹਿਰ ਭਾਰੀ ਗਿਣਤੀ ਵਿੱਚ ਸ਼ਾਮਿਲ ਹੋਏ

ਸ਼੍ਰੀ ਮਹਿੰਦਰ ਸਿੰਘ ਨੇ ਆਪਣੇ ਵਿਸ਼ੇਸ਼ ਭਾਸ਼ਣ ਦੌਰਾਨ ਇਹ ਵਰਕਸ਼ਾਪ ਆਯੋਜਿਤ ਕਰਨ ਲਈ ਪੀ.ਏ.ਯੂ. ਨੂੰ ਵਧਾਈ ਦਿੱਤੀ । ਉਹਨਾਂ ਲੌਕਡਾਊਨ ਦੌਰਾਨ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਯੂਨੀਵਰਸਿਟੀ ਵੱਲੋਂ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ । ਉਹਨਾਂ ਕਿਹਾ ਕਿ ਖੇਤੀ ਸਾਹਮਣੇ ਜੋ ਸਮੱਸਿਆਵਾਂ ਹਨ ਉਹਨਾਂ ਵਿੱਚੋਂ ਪਾਣੀ ਸਭ ਤੋਂ ਅਹਿਮ ਹੈ । ਵੱਖ-ਵੱਖ ਧਰਮਾਂ ਵਿੱਚ ਵੀ ਪਾਣੀ ਦੀ ਵਡਿਆਈ ਕੀਤੀ ਗਈ ਹੈ ।

ਉਹਨਾਂ ਕਿਹਾ ਕਿ ਸਾਰੇ ਸਹਿਯੋਗੀਆਂ ਨੂੰ ਮਿਲ ਕੇ ਪਾਣੀ ਦੀ ਸੰਭਾਲ ਲਈ ਕੰਮ ਕਰਨ ਦੀ ਲੋੜ ਹੈ । ਸ਼੍ਰੀ ਮਹਿੰਦਰ ਸਿੰਘ ਨੇ ਕਿਹਾ ਕਿ ਜ਼ਮੀਨ ਹੇਠਲੇ ਪਾਣੀ ਦੀ ਥਾਂ ਸਤਹ ਉੱਪਰਲੇ ਪਾਣੀ ਦੀ ਵਰਤੋਂ ਜ਼ਿਆਦਾ ਕੀਤੀ ਜਾਵੇ । ਉਹਨਾਂ ਅੰਕੜਿਆਂ ਬਾਰੇ ਗੱਲ ਕਰਦਿਆਂ ਦੱਸਿਆ ਕਿ ਪੰਜਾਬ ਦੇ 150 ਵਿੱਚੋਂ 117 ਬਲਾਕ ਪਾਣੀ ਦੀ ਕਮੀ ਨਾਲ ਜੂਝ ਰਹੇ ਹਨ । ਇਸ ਦੇ ਮੱਦੇਨਜ਼ਰ ਸਿੱਧੀ ਬਿਜਾਈ ਇੱਕ ਸਾਰਥਕ ਕੋਸ਼ਿਸ਼ ਹੈ ।

ਉਹਨਾਂ ਆਪਣੇ ਵਿਭਾਗ ਵੱਲੋਂ ਵੀ ਪਾਣੀ ਦੀ ਸੰਭਾਲ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਜਾਣਕਾਰੀ ਦਿੱਤੀ । ਸ. ਮਹਿੰਦਰ ਸਿੰਘ ਨੇ ਕਿਹਾ ਕਿ ਕੰਢੀ ਖੇਤਰ ਵਿੱਚ ਪਾਣੀ ਦੀ ਰੀਚਾਰਜਿੰਗ ਲਈ ਵਿਸ਼ੇਸ਼ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ । ਇਸ ਦੇ ਨਾਲ ਹੀ ਸੂਖਮ ਸਿੰਚਾਰੀ ਵਿਧੀ ਨੂੰ ਲਾਗੂ ਕਰਨ ਦੀ ਲੋੜ ਹੈ । ਉਹਨਾਂ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਅਪਨਾਉਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਸਰਕਾਰ ਇਸ ਦਿਸ਼ਾ ਵਿੱਚ ਸੰਜੀਦਗੀ ਨਾਲ ਕੋਸ਼ਿਸ਼ਾਂ ਕਰ ਰਹੀ ਹੈ।

ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਪਾਣੀ ਅਤੇ ਭੂਮੀ ਦੀ ਸੰਭਾਲ ਬਾਰੇ ਪੀ.ਏ.ਯੂ. ਦੀਆਂ ਸਿਫ਼ਾਰਸ਼ਾਂ ਦਾ ਵਿਸ਼ੇਸ਼ ਜ਼ਿਕਰ ਕੀਤਾ । ਉਹਨਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਲਈ ਤਰ-ਵੱਤਰ ਖੇਤਾਂ ਵਿੱਚ ਵੱਟਾਂ ਤੇ ਝੋਨੇ ਦੇ ਸੋਧੇ ਹੋਏ ਬੀਜ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ । ਇਸ ਦੇ ਨਾਲ-ਨਾਲ ਪਹਿਲਾ ਪਾਣੀ 21 ਦਿਨ ਬਾਅਦ ਲਾਉਣ ਲਈ ਸਿਫ਼ਾਰਸ਼ ਹੈ ਤਾਂ ਜੋ ਵਧੇਰੇ ਝਾੜ ਅਤੇ ਪਾਣੀ ਦੀ ਬੱਚਤ ਹੋ ਸਕੇ ।

ਡਾ. ਢੱਟ ਨੇ ਫ਼ਸਲੀ ਵਿਭਿੰਨਤਾ ਬਾਰੇ ਪੀ.ਏ.ਯੂ. ਦੀਆਂ ਸਿਫ਼ਾਰਸ਼ਾਂ ਵਿੱਚ ਮੂੰਗਫਲੀ-ਮੱਕੀ/ਮੂੰਗੀ-ਆਲੂ/ਮਟਰ ਬਾਰੇ ਗੱਲ ਕੀਤੀ । ਉਹਨਾਂ ਕਿਹਾ ਜੈਵਿਕ ਖੇਤੀ ਅਧੀਨ ਸਾਉਣੀ ਰੁੱਤ ਦੀ ਮੂੰਗੀ-ਕਣਕ-ਗਰਮੀ ਰੁੱਤ ਦੀ ਮੂੰਗੀ ਦਾ ਫ਼ਸਲੀ ਚੱਕਰ ਵੀ ਸਿਫ਼ਾਰਸ਼ ਕੀਤਾ ਗਿਆ ਹੈ । ਇਸ ਤੋਂ ਇਲਾਵਾ ਨਰਮਾ, ਛੋਲੇ, ਕਮਾਦ, ਮੱਕੀ, ਅਰਹਰ, ਸੋਇਆਬੀਨ ਅਤੇ ਅਦਰਕ ਦੀ ਕਾਸ਼ਤ ਬਾਰੇ ਸਿਫ਼ਾਰਸ਼ਾਂ ਦਾ ਜ਼ਿਕਰ ਕਰਦਿਆਂ ਡਾ. ਢੱਟ ਨੇ ਇਹਨਾਂ ਦੇ ਵਾਤਾਵਰਨ ਪੱਖੀ ਨੁਕਤਿਆਂ ਵੱਲ ਧਿਆਨ ਦਿਵਾਇਆ।

 

Facebook Comments

Trending

Copyright © 2020 Ludhiana Live Media - All Rights Reserved.