ਖੇਤੀਬਾੜੀ

ਪੀ.ਏ.ਯੂ. ਨੇ ਪਸ਼ੂਆਂ ਅਤੇ ਫ਼ਸਲਾਂ ਨੂੰ ਗਰਮੀ ਤੋਂ ਬਚਾਉਣ ਲਈ ਸਿਫ਼ਾਰਸ਼ਾਂ ਜਾਰੀ ਕੀਤੀਆਂ

Published

on

ਲੁਧਿਆਣਾ  : ਪੀ.ਏ.ਯੂ. ਵੱਲੋਂ ਪੈ ਰਹੀ ਹੱਡ ਲੂਹਣ ਵਾਲੀ ਗਰਮੀ ਦੇ ਮੱਦੇਨਜ਼ਰ ਪੰਜਾਬ ਦੇ ਕਿਸਾਨਾਂ ਲਈ ਪਸ਼ੂਆਂ ਅਤੇ ਫ਼ਸਲਾਂ ਨੂੰ ਬਚਾਉਣ ਬਾਰੇ ਸਿਫ਼ਾਰਸ਼ਾਂ ਜਾਰੀ ਕੀਤੀਆਂ ਗਈਆਂ । ਇਸ ਬਾਰੇ ਹੋਰ ਗੱਲ ਕਰਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਨੇ ਦੱਸਿਆ ਕਿ ਇਸ ਸਮੇਂ ਮੌਸਮ ਵਿਗਿਆਨੀਆਂ ਅਨੁਸਾਰ ਪੰਜਾਬ ਦਾ ਵੱਧ ਤੋਂ ਵੱਧ ਤਾਪਮਾਨ ਸਧਾਰਨ ਤੋਂ 4 ਡਿਗਰੀ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ ਸਧਾਰਨ ਤੋਂ 2 ਤੋਂ 4 ਡਿਗਰੀ ਵਧੇਰੇ ਦਰਜ਼ ਕੀਤਾ ਗਿਆ ਹੈ ।

ਬੀਤੇ ਦਿਨੀਂ ਬਠਿੰਡਾ ਵਿੱਚ 46.8 ਦਰਜੇ ਨਾਲ ਸਭ ਤੋਂ ਵੱਧ ਤਾਪਮਾਨ ਦੇਖਿਆ ਗਿਆ । ਇਸ ਦੇ ਨਤੀਜੇ ਵਜੋਂ ਖੇਤ ਫ਼ਸਲਾਂ ਅਤੇ ਪਸ਼ੂਆਂ ਨੂੰ ਗਰਮੀ ਤੋਂ ਬਚਾਉਣ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਲੋੜ ਹੈ । ਉਹਨਾਂ ਕਿਹਾ ਕਿ ਇਸ ਨਾਲ ਪਾਣੀ ਦੀ ਮੰਗ ਵਿੱਚ ਵਾਧਾ ਹੋਇਆ ਹੈ । ਤਾਜ਼ਾ ਪੁੰਗਰੇ ਬੂਟੇ ਧੁੱਪ ਕਾਰਨ ਝੁਲਸ ਸਕਦੇ ਹਨ । ਝੋਨੇ ਦੀ ਪਨੀਰੀ ਅਤੇ ਨਰਮੇ ਦੇ ਹੁਣੇ ਹੁਣੇ ਜੰਮੇ ਬੂਟੇ ਵੀ ਇਸ ਸਖਤ ਗਰਮੀ ਤੋਂ ਪ੍ਰਭਾਵਿਤ ਹੋ ਸਕਦੇ ਹਨ । ਸਬਜ਼ੀਆਂ ਵਿੱਚ ਇਸ ਗਰਮੀ ਦਾ ਵਿਆਪਕ ਪ੍ਰਭਾਵ ਦੇਖਿਆ ਜਾ ਸਕਦਾ ਹੈ ਅਤੇ ਮੂੰਗੀ ਦੇ ਫੁੱਲ ਝੜ ਸਕਦੇ ਹਨ ।

ਉਹਨਾਂ ਕਿਹਾ ਕਿ ਫ਼ਸਲਾਂ ਉੱਪਰ ਗਰਮੀ ਦੇ ਪ੍ਰਭਾਵ ਅਤੇ ਪਾਣੀ ਦੀ ਕਮੀ ਦਾ ਲਗਾਤਾਰ ਸਰਵੇਖਣ ਕਿਸਾਨਾਂ ਨੂੰ ਕਰਦੇ ਰਹਿਣਾ ਚਾਹੀਦਾ ਹੈ । ਸਮੇਂ-ਸਮੇਂ ਫ਼ਸਲਾਂ ਨੂੰ ਲੋੜ ਅਨੁਸਾਰ ਸਿੰਚਾਈ ਦੀ ਜ਼ਰੂਰਤ ਪਵੇਗੀ । ਫ਼ਲਦਾਰ ਬੂਟਿਆਂ ਜਿਨਾਂ ਵਿੱਚ ਹੁਣੇ ਲਾਏ ਪੌਦੇ ਅਤੇ ਫ਼ਲ ਦੇ ਰਹੇ ਬੂਟੇ ਸ਼ਾਮਿਲ ਹਨ, ਵੀ ਵੱਧ ਧਿਆਨ ਦੀ ਮੰਗ ਕਰਨਗੇ । ਇਸ ਲਈ ਬਾਗਬਾਨੀ ਫ਼ਸਲਾਂ ਜਿਨਾਂ ਵਿੱਚ ਅੰਬ, ਲੀਚੀ, ਨਾਸ਼ਪਾਤੀ ਅਤੇ ਕਿੰਨੂ ਜਾਤੀ ਦੇ ਬਾਗਾਂ ਵਿੱਚ ਨਮੀਂ ਬਣਾਈ ਰੱਖਣ ਲਈ ਢੁੱਕਵੀ ਸਿੰਚਾਈ ਕਰਦੇ ਰਹਿਣਾ ਚਾਹੀਦਾ ਹੈ ।

ਇਸ ਤੋਂ ਇਲਾਵਾ ਪਾਲਤੂ ਪਸ਼ੂਆਂ ਨੂੰ ਵੀ ਗਰਮੀ ਤੋਂ ਬਚਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ । ਪਾਣੀ ਦੀ ਕਮੀ ਅਤੇ ਲੂ ਤੋਂ ਬਚਾਉਣ ਲਈ ਪਸ਼ੂਆਂ ਨੂੰ ਸਾਫ਼-ਸੁਥਰੇ ਅਤੇ ਖੁੱਲੇ ਪਾਣੀ ਤੋਂ ਇਲਾਵਾ ਪੌਸ਼ਟਿਕ ਖੁਰਾਕ ਮੁਹੱਈਆ ਕਰਵਾਉ । ਪਸ਼ੂਆਂ ਦੇ ਸਰੀਰ ਦਾ ਤਾਪਮਾਨ ਘਟਾਉਣ ਲਈ ਸਮੇਂ-ਸਮੇਂ ਤੇ ਉਹਨਾਂ ਨੂੰ ਨਹਾਉਂਦੇ ਵੀ ਰਹੋ । ਵਿਦੇਸ਼ੀ ਨਸਲ ਦੀਆਂ ਗਾਵਾਂ ਨੂੰ ਗਰਮੀ ਤੋਂ ਬਚਾਉਣ ਲਈ ਪੱਖਿਆਂ ਅਤੇ ਕੂਲਰਾਂ ਦਾ ਪ੍ਰਬੰਧ ਜ਼ਰੂਰ ਕਰਨਾ ਚਾਹੀਦਾ ਹੈ ।

Facebook Comments

Trending

Copyright © 2020 Ludhiana Live Media - All Rights Reserved.