ਖੇਤੀਬਾੜੀ

ਪੀ.ਏ.ਯੂ. ਵਿੱਚ ਗਰਮੀ ਰੁੱਤ ਦੀਆਂ ਸਬਜ਼ੀਆਂ ਬਾਰੇ ਕਰਵਾਇਆ ਵੈਬੀਨਾਰ

Published

on

ਲੁਧਿਆਣਾ :    ਪੀਏਯੂ ਦੇ ਸਬਜ਼ੀ ਵਿਗਿਆਨ ਵਿਭਾਗ ਨੇ ਬੀਤੇ ਦਿਨੀਂ ਗਰਮੀ ਰੁੱਤ ਦੀਆਂ ਸਬਜ਼ੀਆਂ ਦੀ ਪਨੀਰੀ ਪੈਦਾ ਕਰਨ ਅਤੇ ਕਾਸ਼ਤ ਬਾਰੇ ਇਕ ਸੈਮੀਨਾਰ ਕਰਵਾਇਆ ਆਨਲਾਈਨ ਹੋਏ ਇਸ ਵੈਬੀਨਾਰ ਵਿਚ ਕਿਸਾਨਾਂ, ਵਿਦਿਆਰਥੀਆਂ ਅਤੇ ਮਾਹਿਰਾਂ ਸਮੇਤ 103 ਲੋਕਾਂ ਨੇ ਹਿੱਸਾ ਲਿਆ ।

ਵਿਭਾਗ ਦੇ ਮੁਖੀ ਡਾ. ਤਰਸੇਮ ਸਿੰਘ ਢਿੱਲੋਂ ਨੇ ਗਰਮੀ ਰੁੱਤ ਦੀਆਂ ਸਬਜ਼ੀਆਂ ਦੇ ਮਹੱਤਵ ਅਤੇ ਸੰਭਾਵਨਾਵਾਂ ਬਾਰੇ ਗੱਲ ਕੀਤੀ । ਉਨਾਂ ਕਿਹਾ ਕਿ ਕੁਦਰਤੀ ਸਰੋਤਾਂ ਦੇ ਬਚਾਅ ਲਈ ਕਿਸਾਨਾਂ ਨੂੰ ਸਬਜ਼ੀਆਂ ਦੀ ਕਾਸ਼ਤ ਨਾਲ ਵੱਧ ਤੋਂ ਵੱਧ ਜੁੜਨਾ ਚਾਹੀਦਾ ਹੈ । ਇਸ ਤੋਂ ਇਲਾਵਾ ਉਨਾਂ ਨੇ ਸਬਜ਼ੀਆਂ ਦੇ ਪੋਸ਼ਕ ਤੱਤਾਂ ਦੇ ਮਹੱਤਵ ਬਾਰੇ ਵੀ ਗੱਲ ਕਰਦਿਆਂ ਅਜੋਕੇ ਸਮੇਂ ਵਿੱਚ ਮੰਡੀ ਦੀਆਂ ਲੋੜਾਂ ਮੁਤਾਬਕ ਸਬਜੀਆਂ ਦੀ ਕਾਸ਼ਤ ਤੇ ਜ਼ੋਰ ਦਿੱਤਾ ।

ਪ੍ਰਮੁੱਖ ਸਬਜ਼ੀ ਵਿਗਿਆਨੀ ਡਾ ਕੁਲਬੀਰ ਸਿੰਘ ਨੇ ਸਬਜ਼ੀ ਪੈਦਾ ਕਰਨ ਦੀਆਂ ਵੱਖ ਵੱਖ ਵਿਧੀਆਂ ਉੱਪਰ ਚਾਨਣਾ ਪਾਇਆ । ਇਸ ਤੋਂ ਬਿਨਾਂ ਉਨਾਂ ਨੇ ਕਿਸਾਨਾਂ ਨੂੰ ਨਰਸਰੀ ਉਤਪਾਦਨ ਦੇ ਵਪਾਰਕ ਤਰੀਕਿਆਂ ਦੀ ਜਾਣਕਾਰੀ ਵੀ ਦਿੱਤੀ ।

ਪਾਲਮਪੁਰ ਖੇਤੀ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ ਪ੍ਰਵੀਨ ਸ਼ਰਮਾ ਨੇ ਟਮਾਟਰਾਂ ਦੀ ਕਾਸ਼ਤ ਦੇ ਨੁਕਤੇ ਸਾਂਝੇ ਕਰਦਿਆਂ ਕਿਹਾ ਕਿ ਟਮਾਟਰਾਂ ਦੀ ਫਸਲ ਮੁਨਾਫੇ ਯੋਗ ਹੈ ਅਤੇ ਇਸ ਨੂੰ ਖੁੱਲੇ ਖੇਤ ਜਾਂ ਸੁਰੱਖਿਅਤ ਖੇਤੀ ਤਰੀਕਿਆਂ ਨਾਲ ਵੀ ਪੈਦਾ ਕੀਤਾ ਜਾ ਸਕਦਾ ਹੈ ।

ਜੰਮੂ ਖੇਤੀ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਸੰਦੀਪ ਚੋਪੜਾ ਨੇ ਪੱਤੇਦਾਰ ਸਬਜੀਆਂ ਜਿਵੇਂ ਚਲਾਈ, ਬਸੇਲਾ ਅਤੇ ਕਿੰਗ ਕੌਂਗ ਦੀ ਕਾਸ਼ਤ ਦੇ ਤਰੀਕੇ ਦੱਸੇ । ਸਬਜ਼ੀ ਵਿਗਿਆਨੀ ਡਾ. ਸੱਤਪਾਲ ਸ਼ਰਮਾ ਨੇ ਖਰਬੂਜ਼ਿਆਂ ਅਤੇ ਹਦਵਾਣਿਆਂ ਦੀਆਂ ਨਵੀਆਂ ਕਿਸਮਾਂ ਬਾਰੇ ਜਾਣਕਾਰੀ ਦਿੰਦਿਆਂ ਉਨਾਂ ਦੀ ਕਾਸ਼ਤ ਦੇ ਤਰੀਕੇ ਦੱਸੇ ।

ਇਸ ਤੋਂ ਇਲਾਵਾ ਡਾ ਰਾਜਿੰਦਰ ਕੁਮਾਰ ਢੱਲ ਨੇ ਹਾਈਬਿ੍ਰਡ ਖੀਰੇ ਦੀ ਕਾਸ਼ਤ ਦੀਆਂ ਤਕਨੀਕਾਂ, ਡਾ ਸੈਲੇਸ਼ ਕੁਮਾਰ ਜਿੰਦਲ ਨੇ ਸਬਜ਼ੀਆਂ ਦੀ ਕਾਸ਼ਤ ਦੀ ਖੇਤੀ ਆਰਥਿਕਤਾ ਬਾਰੇ, ਡਾ ਨਿਲੇਸ਼ ਬਿਵਾਲਕਰ ਨੇ ਸੁਰੱਖਿਅਤ ਖੇਤੀ ਢਾਂਚਿਆਂ ਜਿਵੇਂ ਨੀਵੀਂ ਸੁਰੰਗ ਪ੍ਰਣਾਲੀ ਅਤੇ ਪੋਲੀਨੈੱਟ ਹਾਊਸ ਬਾਰੇ ਵਿਸਥਾਰ ਨਾਲ ਗੱਲ ਕੀਤੀ । ਡਾ. ਨਿਰਮਲ ਸਿੰਘ ਨੇ ਵੱਖ ਵੱਖ ਸਬਜ਼ੀ ਉਤਪਾਦਕਾਂ ਦੀਆਂ ਸਫਲਤਾ ਦੀਆਂ ਕਹਾਣੀਆਂ ਦੱਸੀਆਂ ਅਤੇ ਡਾ ਦਿਲਪ੍ਰੀਤ ਤਲਵਾੜ ਨੇ ਵੈਬੀਨਾਰ ਵਿਚ ਸ਼ਾਮਿਲ ਹੋਣ ਵਾਲਿਆਂ ਦਾ ਧੰਨਵਾਦ ਕੀਤਾ ।

Facebook Comments

Trending

Copyright © 2020 Ludhiana Live Media - All Rights Reserved.