ਖੇਤੀਬਾੜੀ

ਪੀ.ਏ.ਯੂ. ਨੇ ਮਾਰਚ 2022 ਵਿੱਚ ਲੱਗਣ ਵਾਲੇ ਕਿਸਾਨ ਮੇਲਿਆਂ ਦੀਆਂ ਐਲਾਨੀਆਂ ਮਿਤੀਆਂ

Published

on

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਇਸ ਵਰ੍ਹੇ ਮਾਰਚ ਮਹੀਨੇ ਲੱਗਣ ਵਾਲੇ ਕਿਸਾਨ ਮੇਲੇ ਦੀਆਂ ਮਿਤੀਆਂ ਦਾ ਐਲਾਨ ਕਰ ਦਿੱਤਾ ਹੈ । ਇਸ ਬਾਰੇ ਹੋਰ ਗੱਲਬਾਤ ਕਰਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਨੇ ਦੱਸਿਆ ਕਿ ਇਹ ਮੇਲੇ ਕੋਵਿਡ ਤੋਂ ਸੁਰੱਖਿਆ ਦੇ ਮੱਦੇਨਜ਼ਰ ਆਨਲਾਈਨ ਕਰਵਾਏ ਜਾ ਰਹੇ ਹਨ ।

ਉਹਨਾਂ ਕਿਹਾ ਕਿ ਮੇਲਿਆਂ ਦੀ ਲੜੀ ਦਾ ਆਰੰਭ 14 ਮਾਰਚ ਨੂੰ ਬੱਲੋਵਾਲ ਸੌਂਖੜੀ ਅਤੇ ਨਾਗਕਲਾਂ ਜਹਾਂਗੀਰ (ਅੰਮਿ੍ਤਸਰ) ਦੇ ਕਿਸਾਨ ਮੇਲੇ ਨਾਲ ਹੋਵੇਗਾ । 16 ਮਾਰਚ ਨੂੰ ਰੌਣੀ (ਪਟਿਆਲਾ) ਦਾ ਕਿਸਾਨ ਮੇਲਾ ਹੋਵੇਗਾ ਅਤੇ 21 ਮਾਰਚ ਨੂੰ ਫਰੀਦਕੋਟ ਅਤੇ ਗੁਰਦਾਸਪੁਰ ਦੇ ਮੇਲੇ ਲਾਏ ਜਾਣਗੇ । ਪੀ.ਏ.ਯੂ. ਲੁਧਿਆਣਾ ਦਾ ਮੇਲਾ 24-25 ਮਾਰਚ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ । 29 ਮਾਰਚ ਨੂੰ ਬਠਿੰਡਾ ਵਿਖੇ ਮਾਰਚ ਦਾ ਆਖਰੀ ਕਿਸਾਨ ਮੇਲਾ ਲਾਇਆ ਜਾਵੇਗਾ ।

ਡਾ. ਅਸ਼ੋਕ ਕੁਮਾਰ ਨੇ ਦੱਸਿਆ ਕਿ ਇਹਨਾਂ ਮੇਲਿਆਂ ਦਾ ਉਦੇਸ਼ ‘ਧਰਤੀ ਪਾਣੀ ਪੌਣ ਬਚਾਈਏ, ਪੁਸ਼ਤਾਂ ਖਾਤਰ ਧਰਮ ਨਿਭਾਈਏ’ ਰੱਖਿਆ ਗਿਆ ਹੈ । ਮੇਲਿਆਂ ਦਾ ਉਦੇਸ਼ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ ਬਾਰੇ ਜਾਗਰੂਕਤਾ ਦਾ ਪਸਾਰ ਕਰਨਾ ਹੈ । ਯਤਨ ਇਹ ਕੀਤਾ ਜਾ ਰਿਹਾ ਹੈ ਕਿ ਇਹਨਾਂ ਮੇਲਿਆਂ ਨਾਲ ਕਿਸਾਨੀ ਅਤੇ ਬਾਕੀ ਸਾਰੇ ਸਮਾਜ ਨੂੰ ਕੁਦਰਤ ਦੀ ਅਣਮੁੱਲੀ ਦਾਤ ਸਰੋਤਾਂ ਦੀ ਸੰਭਾਲ ਬਾਰੇ ਜਾਗਰੂਕ ਅਤੇ ਪ੍ਰੇਰਿਤ ਕੀਤਾ ਜਾ ਸਕੇ ।

ਇਸਦੇ ਨਾਲ ਹੀ ਮੇਲਿਆਂ ਰਾਹੀਂ ਖਾਦਾਂ, ਖੇਤੀ ਰਸਾਇਣਾਂ, ਧਰਤੀ ਹੇਠਲੇ ਪਾਣੀ ਦੀ ਢੁੱਕਵੀਂ ਵਰਤੋਂ ਦੇ ਨਾਲ-ਨਾਲ ਫ਼ਸਲੀ ਰਹਿੰਦ-ਖੂੰਹਦ ਦੀ ਸੁਚੱਜੀ ਸੰਭਾਲ ਦਾ ਹੋਕਾ ਵੀ ਦਿੱਤਾ ਜਾ ਰਿਹਾ ਹੈ । ਉਹਨਾਂ ਕਿਹਾ ਕਿ ਇਹ ਮੇਲਾ ਪੰਜਾਬ ਦੇ ਕਿਸਾਨਾਂ, ਕਿਸਾਨ ਬੀਬੀਆਂ ਅਤੇ ਪੇਂਡੂ ਨੌਜਵਾਨਾਂ ਨੂੰ ਖੇਤੀ ਦੀਆਂ ਨਵੀਨ ਤਕਨੀਕਾਂ ਨਾਲ ਜੋੜ ਕੇ ਉਹਨਾਂ ਨੂੰ ਵਿਗਿਆਨਕ ਸਿਖਲਾਈ ਨਾਲ ਭਰਪੂਰ ਕਰਨ ਦਾ ਯਤਨ ਵੀ ਹੈ ।

ਉਹਨਾਂ ਕਿਹਾ ਕਿ ਰਵਾਇਤੀ ਮੇਲਿਆਂ ਵਾਲੀਆਂ ਸਾਰੀਆਂ ਸਹੂਲਤਾਂ ਨੂੰ ਆਨਲਾਈਨ ਕਿਸਾਨਾਂ ਤੱਕ ਪਹੁੰਚਾਉਣ ਦੇ ਉਚੇਚੇ ਯਤਨ ਕੀਤੇ ਗਏ ਹਨ । ਬੀਜਾਂ ਦੀ ਵਿਕਰੀ ਅਤੇ ਖੇਤੀ ਸਾਹਿਤ ਦੀ ਮੈਂਬਰਸ਼ਿਪ ਤੇ ਆਨਲਾਈਨ ਪ੍ਰਬੰਧ ਇਸ ਮੇਲੇ ਦਾ ਹਿੱਸਾ ਹੋਣਗੇ । ਇਸ ਤੋਂ ਇਲਾਵਾ ਖੇਤੀ ਚੁਣੌਤੀਆਂ ਬਾਰੇ ਮਾਹਿਰਾਂ ਦੇ ਵਿਚਾਰ ਭਾਸ਼ਣਾਂ ਰਾਹੀਂ ਕੀਤੇ ਜਾਣਗੇ । ਇਹਨਾਂ ਮੇਲਿਆਂ ਨੂੰ ਪੀ.ਏ.ਯੂ. ਦੀ ਵੈਬਸਾਈਟ ਤੋਂ ਇਲਾਵਾ ਸ਼ੋਸ਼ਲ ਮੀਡੀਆ ਚੈਨਲਾਂ ਉੱਪਰ ਸਿੱਧੇ ਦੇਖਿਆ ਜਾ ਸਕੇਗਾ।

Facebook Comments

Trending

Copyright © 2020 Ludhiana Live Media - All Rights Reserved.