ਪੰਜਾਬ ਨਿਊਜ਼

ਪੀ.ਏ.ਯੂ. ਵਿੱਚ 65 ਵਿਦਿਆਰਥੀਆਂ ਨੂੰ ਡਾ. ਖੁਸ਼ ਸਕਾਲਰਸ਼ਿਪ ਨਾਲ ਨਿਵਾਜ਼ਿਆ

Published

on

ਲੁਧਿਆਣਾ : ਅੱਜ ਪੀ.ਏ.ਯੂ. ਦੇ 53 ਅਤੇ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੇ 12 ਵਿਦਿਆਰਥੀਆਂ ਨੂੰ ਡਾ. ਗੁਰਦੇਵ ਸਿੰਘ ਖੁਸ਼ ਫਾਊਂਡੇਸ਼ਨ ਵੱਲੋਂ ਮੈਰਿਟ ਸਕਾਲਰਸ਼ਿਪਾਂ ਨਾਲ ਨਿਵਾਜ਼ਿਆ ਗਿਆ । ਪੀ.ਏ.ਯੂ. ਦੇ ਸਾਬਕਾ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ, ਗਡਵਾਸੂ ਦੇ ਵਾਈਸ ਚਾਂਸਲਰ ਡਾ. ਇੰਦਰਜੀਤ ਸਿੰਘ, ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਵਿਦਿਆਰਥੀਆਂ ਨੂੰ ਇਹ ਸਕਾਲਰਸ਼ਿਪਾਂ ਪ੍ਰਦਾਨ ਕੀਤੀਆਂ ।

ਇਸ ਦੇ ਨਾਲ ਹੀ ਲੋੜਵੰਦ ਵਿਦਿਆਰਥੀਆਂ ਨੂੰ 25,000 ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ ਅਤੇ ਆਈ ਸੀ ਏ ਆਰ ਦੇ ਰਾਸ਼ਟਰੀ ਪ੍ਰੋਫੈਸਰ ਡਾ. ਐੱਸ ਐੱਸ ਬੰਗਾ ਨੂੰ ਡਾ. ਦਰਸ਼ਨ ਬਰਾੜ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ । ਇਸ ਮੌਕੇ ਜ਼ੂਮ ਰਾਹੀਂ ਆਨਲਾਈਨ ਹੋਏ ਡਾ. ਗੁਰਦੇਵ ਖੁਸ਼ ਨੇ ਸਕਾਲਰਸ਼ਿਪਾਂ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ । ਉਹਨਾਂ ਕਿਹਾ ਕਿ ਸਖਤ ਮਿਹਨਤ ਨਾਲ ਹੀ ਆਪਣੇ ਖੇਤਰ ਵਿੱਚ ਕਾਮਯਾਬੀ ਦੀਆਂ ਸਿਖਰਾਂ ਛੋਹੀਆਂ ਜਾ ਸਕਦੀਆਂ ਹਨ ਅਤੇ ਮਾਨਵਤਾ ਦੀ ਸੇਵਾ ਕੀਤੀ ਜਾ ਸਕਦੀ ਹੈ ।

ਉਹਨਾਂ ਨੇ ਪੀ.ਏ.ਯੂ. ਦੇ ਸਾਬਕਾ ਵਾਈਸ ਚਾਂਸਲਰਾਂ ਡਾ. ਐੱਸ ਐੱਸ ਜੌਹਲ, ਡਾ. ਐੱਮ ਐੱਸ ਕੰਗ, ਡਾ. ਬੀ ਐੱਸ ਢਿੱਲੋਂ ਅਤੇ ਸਾਬਕਾ ਅਧਿਕਾਰੀਆਂ ਜਿਨ੍ਹਾਂ ਵਿੱਚ ਬਾਇਓਤਕਨਾਲੋਜੀ ਖੇਤੀ ਸਕੂਲ ਦੇ ਮੋਢੀ ਨਿਰਦੇਸ਼ਕ ਡਾ. ਕੁਲਦੀਪ ਸਿੰਘ, ਅਪਰ ਨਿਰਦੇਸ਼ਕ ਖੋਜ ਡਾ. ਗੁਰਜੀਤ ਸਿੰਘ ਮਾਂਗਟ, ਸਾਬਕਾ ਨਿਰਦੇਸ਼ਕ ਖੋਜ ਡਾ. ਨਵਤੇਜ ਬੈਂਸ ਦੇ ਸਹਿਯੋਗ ਲਈ ਸਭ ਦਾ ਧੰਨਵਾਦ ਕੀਤਾ । ਇਸ ਤੋਂ ਇਲਾਵਾ ਉਹਨਾਂ ਨੇ ਫਾਊਡੇਸ਼ਨ ਦੇ ਸਕੱਤਰ ਅਤੇ ਜਾਣੇ-ਪਛਾਣੇ ਵਿਗਿਆਨੀ ਡਾ. ਦਰਸ਼ਨ ਸਿੰਘ ਬਰਾੜ ਨੂੰ ਯਾਦ ਕੀਤਾ ।

ਡਾ. ਖੁਸ਼ ਫਾਊਂਡੇਸ਼ਨ ਦੇ ਮੀਤ ਪ੍ਰਧਾਨ ਸ਼੍ਰੀਮਤੀ ਹਰਵੰਤ ਕੌਰ ਖੁਸ਼ ਨੇ ਸਕਾਲਰਸ਼ਿਪਾਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਅਤੇ ਸ਼ਾਬਾਸ਼ ਦਿੱਤੀ । ਡਾ. ਮਨਜੀਤ ਸਿੰਘ ਕੰਗ ਨੇ ਇਸ ਮੌਕੇ ਫਾਊਂਡੇਸ਼ਨ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ । ਉਹਨਾਂ ਕਿਹਾ ਕਿ ਡਾ. ਖੁਸ਼ ਨਾ ਸਿਰਫ਼ ਉੱਚ ਕੋਟੀ ਦੇ ਵਿਗਿਆਨੀ ਹਨ ਸਗੋਂ ਉਹਨਾਂ ਦੇ ਮਨ ਵਿੱਚ ਮਨੁੱਖਤਾ ਲਈ ਡੂੰਘਾ ਪਿਆਰ ਵੀ ਪਿਆ ਹੈ । ਇਸ ਫਾਊਂਡੇਸ਼ਨ ਨਾਲ ਹਜ਼ਾਰਾਂ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਨੂੰ ਆਤਮ-ਨਿਰਭਰ ਤਰੀਕੇ ਨਾਲ ਜਾਰੀ ਰੱਖਣ ਵਿੱਚ ਸਹਾਇਤਾ ਮਿਲੇਗੀ ।

ਡਾ. ਇੰਦਰਜੀਤ ਸਿੰਘ ਨੇ ਡਾ. ਖੁਸ਼ ਨੂੰ ਮਿੱਟੀ ਦੀ ਮਹਿਕ ਨਾਲ ਜੁੜਿਆ ਵਿਗਿਆਨੀ ਕਿਹਾ। ਉਹਨਾਂ ਕਿਹਾ ਇਸ ਫਾਊਂਡੇਸ਼ਨ ਨੇ ਵਿਦਿਆਰਥੀਆਂ ਦੀ ਸਹਾਇਤਾ ਦੇ ਖੇਤਰ ਵਿੱਚ ਮਿਸਾਲੀ ਕਾਰਜ ਕੀਤਾ ਹੈ । ਇਸ ਮੌਕੇ ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਕਿ ਡਾ. ਖੁਸ਼ ਆਪ ਤਾਂ ਪ੍ਰੇਰਨਾ ਸਰੋਤ ਹਨ ਹੀ ਉਹਨਾਂ ਵੱਲੋਂ ਸਹਾਇਤਾ ਦਾ ਇਹ ਕਾਰਜ ਹਜ਼ਾਰਾਂ ਵਿਦਿਆਰਥੀਆਂ ਲਈ ਜ਼ਿੰਦਗੀ ਬਦਲਣ ਵਾਲਾ ਵਡਮੱੁਲਾ ਸਹਿਯੋਗ ਹੈ ।

 

Facebook Comments

Trending

Copyright © 2020 Ludhiana Live Media - All Rights Reserved.