ਪੰਜਾਬੀ

ਸ਼ਹਿਰ ‘ਚ ਬਿਨਾਂ ਨਕਸ਼ਾ ਪਾਸ ਕਰਾਏ ਉਸਾਰੀਆਂ ਰੋਕਣ ਲਈ ਕਮਿਸ਼ਨਰ ਨੇ ਜਾਰੀ ਕੀਤੇ ਹੁਕਮ

Published

on

ਲੁਧਿਆਣਾ : ਨਗਰ ਨਿਗਮ ਦੀ ਹਦੂਦ ਅੰਦਰ ਪੈਂਦੇ ਇਲਾਕਿਆਂ ਵਿਚ ਬਿਨ੍ਹਾਂ ਨਕਸ਼ੇ ਪਾਸ ਕਰਾਏ ਉਸਾਰੀਆਂ ਹੋਣ ਤੋਂ ਰੋਕਣ ਲਈ ਪ੍ਰਸ਼ਾਸਨ ਵਲੋਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ, ਜਿਸ ਤਹਿਤ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਵਲੋਂ ਚਾਰਾਂ ਜੋਨਾਂ ਦੇ ਸਹਾਇਕ ਨਿਗਮ ਯੋਜਨਾਕਾਰਾਂ ਅਤੇ ਤਕਨੀਕੀ ਨਿਰੀਖਕਾਂ ਨੂੰ ਸੁਚੇਤ ਕੀਤਾ ਹੈ ਕਿ ਕਿਸੇ ਵੀ ਇਮਾਰਤ ਦੀ ਉਸਾਰੀ ਲਈ ਸ਼ਡਿਊਲ-8 ਦੀ ਪਾਲਣਾ ਯਕੀਨੀ ਬਣਾਈ ਜਾਵੇ।

ਇਮਾਰਤੀ ਸ਼ਾਖਾ ਦੇ ਇਕ ਉਚ ਅਧਿਕਾਰੀ ਨੇ ਦੱਸਿਆ ਕਿ ਤਕਨੀਕੀ ਨਿਰੀਖਕਾਂ ਦੇ ਇਲਾਕੇ ਵਿਚ ਹੋ ਰਹੀਆਂ ਉਸਾਰੀਆਂ ਚਾਹੇ ਉਹ ਨੀਹਾਂ, ਡੀ.ਪੀ.ਸੀ. ਲੈਵਲ ਜਾਂ ਡੋਰ ਲੈਵਲ ‘ਤੇ ਪੁੱਜ ਗਈ ਹੋਵੇ, ਦੀ ਉਸਾਰੀ ਦਾ ਕੰਮ ਬੰਦ ਕਰਾਕੇ ਉਦੋਂ ਤੱਕ ਉਸਾਰੀ ਨਹੀਂ ਸ਼ੁਰੂ ਕਰਨ ਦੇਵੇਗਾ, ਜਦ ਤੱਕ ਮਾਲਿਕ ਨਕਸ਼ਾ ਪਾਸ ਨਹੀਂ ਕਰਵਾ ਲੈਂਦਾ। ਉਨ੍ਹਾਂ ਦੱਸਿਆ ਕਿ ਹੋ ਰਹੀ ਉਸਾਰੀ ਦੀ ਹਰ ਪੱਧਰ (ਲੈਵਲ) ਦੀ ਤਸਵੀਰ ਖਿੱਚ ਕੇ ਤਕਨੀਕੀ ਨਿਰੀਖਕ ਸਹਾਇਕ ਨਿਗਮ ਯੋਜਨਕਾਰ ਨੂੰ ਭੇਜਣਾ ਯਕੀਨੀ ਬਣਾਏਗਾ।

ਉਨ੍ਹਾਂ ਦੱਸਿਆ ਕਿ ਸੀਨੀਅਰ ਟਾਊਨ ਪਲਾਨਰ ਵਲੋਂ ਕਈ ਵਾਰ ਨਿਰੀਖਕਾਂ ਨੂੰ ਸ਼ਡਿਊਲ-8 ਦੀ ਪਾਲਣਾ ਕਰਨ ਲਈ ਲਿਖਿਆ ਜਾ ਚੁੱਕਾ ਹੈ। ਇਸਦੇ ਬਾਵਜੂਦ ਤਕਨੀਕੀ ਨਿਰੀਖਕਾਂ ਵਲੋਂ ਸ਼ਡਿਊਲ-8 ਦੀ ਪਾਲਣਾ ਨਹੀਂ ਕੀਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਕਮਿਸ਼ਨਰ ਵਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਹੁਕਮ ਜਾਰੀ ਕੀਤੇ ਹਨ ਕਿ ਤਕਨੀਕੀ ਨਿਰੀਖਕ ਉਸਾਰੀਆਂ ਵਿਚ ਹੋ ਰਹੀਆਂ ਬੇਨਿਯਮੀਆਂ, ਨਕਸ਼ਾ ਨਾ ਪਾਸ ਕਰਨ ਦੀ ਰਿਪੋਰਟ ਆਪਣੇ ਏ.ਟੀ.ਪੀ. ਨੂੰ ਨੋਟਿਸ ਜਾਰੀ ਹੋਣ ਦੇ 24 ਘੰਟੇ ਅੰਦਰ ਪੇਸ਼ ਕਰੇਗਾ।

ਜ਼ਿਕਰਯੋਗ ਹੈ ਕਿ ਪਾਵਰਕਾਮ ਵਲੋਂ ਪਿਛਲੇ 5 ਸਾਲਾਂ ਦੌਰਾਨ ਲਗਾਏ ਨਵੇਂ ਬਿਜਲੀ ਮੀਟਰਾਂ ਦੀ ਸੂਚੀ ਨਗਰ ਨਿਗਮ ਪ੍ਰਸ਼ਾਸਨ ਨੂੰ ਭੇਜੀ ਗਈ ਸੀ, ਉਸ ਅਨੁਸਾਰ ਲਗਾਏ ਗਏ ਬਿਜਲੀ ਮੀਟਰਾਂ ਦੇ ਮੁਕਾਬਲੇ ਇਮਾਰਤੀ ਸ਼ਾਖਾ ਵਲੋਂ ਘੱਟ ਨਕਸ਼ੇ ਪਾਸ ਕੀਤੇ ਗਏ ਹਨ, ਜਿਸਦੀ ਜਾਂਚ ਤੋਂ ਬਾਅਦ ਕਮਿਸ਼ਨਰ ਵਲੋਂ ਇਮਾਰਤੀ ਸ਼ਾਖਾ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ 100 ਤੋਂ ਵਧੇਰੇ ਕਾਰਨ ਦੱਸੋ ਨੋਟਿਸ ਭੇਜ ਕੇ ਜ਼ਵਾਬ ਤਲਬੀ ਕੀਤੀ ਗਈ ਸੀ।

Facebook Comments

Trending

Copyright © 2020 Ludhiana Live Media - All Rights Reserved.