ਦੋਰਾਹਾ : ਸਾਲ 2024 ਦੇ ਆਖਰੀ ਦਿਨ ਦੋਰਾਹਾ ਪੁਲਸ ਨੇ ਸਮਾਜ ਸੇਵਾ ਅਤੇ ਜਵਾਬਦੇਹੀ ਦੀ ਮਿਸਾਲ ਕਾਇਮ ਕਰਦੇ ਹੋਏ ਇਕ ਲਾਪਤਾ ਪਰਵਾਸੀ ਪਰਿਵਾਰ ਦੇ ਦੋ ਬੱਚਿਆਂ ਨੂੰ ਲੱਭ ਕੇ ਉਨ੍ਹਾਂ ਦੇ ਮਾਪਿਆਂ ਹਵਾਲੇ ਕਰ ਦਿੱਤਾ।
ਦੋਰਾਹਾ ਥਾਣਾ ਮੁਖੀ ਸਬ-ਇੰਸਪੈਕਟਰ ਰਾਉ ਵਰਿੰਦਰ ਸਿੰਘ ਨੇ ਦੱਸਿਆ ਕਿ 9-10 ਸਾਲ ਦੀ ਉਮਰ ਦੇ ਇਹ ਦੋਵੇਂ ਬੱਚੇ ਬਿਨਾਂ ਦੱਸੇ ਬੈਟਰੀ ਨਾਲ ਚੱਲਣ ਵਾਲੇ ਸਾਈਕਲ ‘ਤੇ ਘਰੋਂ ਨਿਕਲੇ ਅਤੇ ਇਧਰ-ਉਧਰ ਘੁੰਮਦੇ ਹੋਏ ਅਚਾਨਕ ਦੋਰਾਹਾ ਪਹੁੰਚ ਗਏ ਅਤੇ ਆਪਣੇ ਮਾਤਾ-ਪਿਤਾ ਨੂੰ ਘਰ ਦਾ ਰਸਤਾ ਭੁੱਲ ਗਏ।
ਇਸੇ ਦੌਰਾਨ ਥਾਣਾ ਦੋਰਾਹਾ ਦੀ ਪੁਲੀਸ ਪਾਰਟੀ ਐਸਐਚਓ ਰਾਓ ਵਰਿੰਦਰ ਸਿੰਘ ਦੀ ਅਗਵਾਈ ਵਿੱਚ ਗਸ਼ਤ ਕਰ ਰਹੀ ਸੀ ਤਾਂ ਰਸਤੇ ਵਿੱਚ ਦੋਵੇਂ ਬੱਚੇ ਘਬਰਾਹਟ ਦੀ ਹਾਲਤ ਵਿੱਚ ਮਿਲੇ। ਜਿਸ ‘ਤੇ ਪੁਲਿਸ ਨੇ ਤੁਰੰਤ ਬੱਚਿਆਂ ਨਾਲ ਸੰਪਰਕ ਕਰਕੇ ਉਨ੍ਹਾਂ ਦੇ ਘਰ ਅਤੇ ਮਾਪਿਆਂ ਬਾਰੇ ਪੁੱਛਗਿੱਛ ਕੀਤੀ ਪਰ ਬੱਚੇ ਗੋਬਿੰਦਗੜ੍ਹ ਹੀ ਦੱਸ ਰਹੇ ਸਨ |ਜਿਸ ਤੋਂ ਬਾਅਦ ਏ.ਐਸ.ਆਈ ਸੁਖਬੀਰ ਸਿੰਘ ਨੇ ਗੋਬਿੰਦਗੜ੍ਹ ਪੁਲਿਸ ਨਾਲ ਸੰਪਰਕ ਕੀਤਾ ਅਤੇ ਬੱਚਿਆਂ ਦੇ ਮਾਪਿਆਂ ਦਾ ਪਤਾ ਲਗਾ ਕੇ ਦੋਰਾਹਾ ਪੁਲਿਸ ਸਟੇਸ਼ਨ ਬੁਲਾਇਆ ਅਤੇ ਬੱਚਿਆਂ ਨੂੰ ਸਹੀ ਸਲਾਮਤ ਉਨ੍ਹਾਂ ਦੇ ਮਾਪਿਆਂ ਹਵਾਲੇ ਕਰ ਦਿੱਤਾ। ਇਸ ਮੌਕੇ ਬੱਚਿਆਂ ਦੇ ਮਾਪਿਆਂ ਨੇ ਦੋਰਾਹਾ ਪੁਲੀਸ ਦੇ ਕੰਮ ਦੀ ਸ਼ਲਾਘਾ ਕੀਤੀ।