ਲੁਧਿਆਣਾ: ਜ਼ਿਲ੍ਹਾ ਪੁਲੀਸ ਨੇ ਰੇਲਵੇ ਮੰਤਰੀ ਰਵਨੀਤ ਬਿੱਟੂ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੇ ਤਲਵਾੜ ਖ਼ਿਲਾਫ਼ ਅਪਰਾਧਿਕ ਮਾਮਲੇ ਵਿੱਚ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕੀਤੀ ਹੈ।ਜੁਗਰਾਜ ਸਿੰਘ ਦੀ ਅਦਾਲਤ ਨੇ ਨੋਟਿਸ ਲੈਂਦਿਆਂ ਬਿੱਟੂ, ਆਸ਼ੂ ਅਤੇ ਤਲਵਾੜ ਨੂੰ ਚਾਰਜਸ਼ੀਟ ਦਾਇਰ ਕਰਕੇ 17 ਮਾਰਚ ਨੂੰ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਹੈ।
ਇਹ ਮਾਮਲਾ 27 ਫਰਵਰੀ ਨੂੰ ਲੁਧਿਆਣਾ ਨਗਰ ਨਿਗਮ ਦੇ ਜ਼ੋਨ-ਏ ਦਫ਼ਤਰ ਵਿੱਚ ਹੋਏ ਹੰਗਾਮੇ ਨਾਲ ਸਬੰਧਤ ਹੈ। ਜਾਣਕਾਰੀ ਅਨੁਸਾਰ ਇਹ ਮਾਮਲਾ ਨਗਰ ਨਿਗਮ ਜ਼ੋਨ-ਏ ਦਫ਼ਤਰ ਦੇ ਚੌਕੀਦਾਰ ਅਮਿਤ ਕੁਮਾਰ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ।ਐਫ.ਆਈ.ਆਰ ਵਿੱਚ ਆਈ.ਪੀ.ਸੀ. ਦੀ ਧਾਰਾ 186 (ਸਰਕਾਰੀ ਕਰਮਚਾਰੀ ਨੂੰ ਡਿਊਟੀ ਨਿਭਾਉਣ ਵਿੱਚ ਰੁਕਾਵਟ ਪਾਉਣਾ) ਅਤੇ 353 (ਲੋਕ ਸੇਵਕ ਨੂੰ ਡਿਊਟੀ ਨਿਭਾਉਣ ਤੋਂ ਰੋਕਣ ਲਈ ਹਮਲਾ ਜਾਂ ਅਪਰਾਧਿਕ ਤਾਕਤ ਦੀ ਵਰਤੋਂ) ਦੇ ਤਹਿਤ ਦੋਸ਼ ਦਾਇਰ ਕੀਤੇ ਗਏ ਹਨ।
ਇਸਤਗਾਸਾ ਅਨੁਸਾਰ ਬੀਤੀ 27 ਫਰਵਰੀ ਨੂੰ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਕਾਂਗਰਸੀ ਆਗੂਆਂ ਤੇ ਵਰਕਰਾਂ ਸਮੇਤ ਜ਼ੋਨ-ਏ ਦਫ਼ਤਰ ਵਿਖੇ ਧਰਨਾ ਦੇਣ ਆਏ ਸਨ।ਇਸ ਦੌਰਾਨ ਕਾਂਗਰਸੀ ਆਗੂਆਂ ਦੀ ਪੁਲੀਸ ਨਾਲ ਝੜਪ ਹੋ ਗਈ, ਉਨ੍ਹਾਂ ਨੇ ਬੈਰੀਕੇਡ ਪਾਰ ਕਰਕੇ ਦਫ਼ਤਰ ਦੇ ਗੇਟ ਨੂੰ ਤਾਲਾ ਲਾ ਦਿੱਤਾ। ਬਾਅਦ ਵਿੱਚ ਨਗਰ ਨਿਗਮ ਦੇ ਮੁਲਾਜ਼ਮਾਂ ਨੇ ਅੰਦਰੋਂ ਤਾਲਾ ਤੋੜ ਦਿੱਤਾ।