ਪੰਜਾਬੀ

 ਕਿਸੇ ਵੀ ਵਿਅਕਤੀ ਨੂੰ ਅਧਿਆਪਕਾਂ ਦਾ ਨਿਰਾਦਰ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ – ਡਿਪਟੀ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ

Published

on

ਲੁਧਿਆਣਾ :  ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਲੁਧਿਆਣਾ ਸ. ਲਖਵੀਰ ਸਿੰਘ ਦੇ ਨਾਲ-ਨਾਲ ਸਮੂਹ ਸਰਕਾਰੀ ਅਧਿਕਾਰੀਆਂ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਸਰਕਾਰੀ ਅਧਿਕਾਰੀਆਂ ਦੀ ਬੇਇਜ਼ਤੀ ਨਹੀਂ ਕਰਨ ਦਿੱਤੀ ਜਾਵੇਗੀ ਅਤੇ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਅੱਜ ਡੀ.ਈ.ਓ (ਸੈਕੰਡਰੀ) ਨੂੰ ਨਾਲ ਲੈ ਕੇ ਉਨ੍ਹਾਂ ਦੇ ਦਫ਼ਤਰ ਆਏ। ਡੀ.ਸੀ. ਦੇ ਪਿਤਾ ਸ੍ਰੀ ਜੀਤ ਰਾਮ ਸ਼ਰਮਾ, ਜੋ ਖ਼ੁਦ ਸਰਕਾਰੀ ਸਕੂਲ ਦੇ ਅਧਿਆਪਕ ਵਜੋਂ ਸੇਵਾਮੁਕਤ ਹੋਏ ਹਨ, ਵੀ ਨਾਲ ਮੌਜੂਦ ਸਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ੍ਰੀ ਲਖਵੀਰ ਸਿੰਘ ਇੱਕ ਨੇਕ-ਦਿਲ ਅਤੇ ਮਿਹਨਤੀ ਅਫਸਰ ਹੋਣ ਦੇ ਨਾਲ-ਨਾਲ ਇੱਕ ਸੁਹਿਰਦ ਇਨਸਾਨ ਵੀ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਪੇਰੈਂਟ ਐਸੋਸੀਏਸ਼ਨ ਵੱਲੋਂ ਡੀ.ਈ.ਓ (ਸੈਕੰਡਰੀ) ਨਾਲ ਮੰਦਭਾਗਾ ਵਤੀਰਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਪੁਲਿਸ ਕਮਿਸ਼ਨਰ ਨੂੰ ਨਾਲ ਲੈ ਕੇ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਦੇ ਦਫ਼ਤਰ ਵਿਖੇ ਇੱਕ ਸੰਦੇਸ਼ ਦੇਣ ਆਏ ਹਨ ਕਿ ਕਿਸੇ ਵੀ ਸਰਕਾਰੀ ਅਧਿਕਾਰੀ ਨਾਲ ਦੁਰਵਿਵਹਾਰ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਉਹ ਸਮਾਜ ਵਿੱਚ ਅਧਿਆਪਕਾਂ ਦਾ ਸਭ ਤੋਂ ਵੱਧ ਸਤਿਕਾਰ ਕਰਦੇ ਹਨ। ਉਨ੍ਹਾ ਕਿਹਾ ‘ਮੇਰੇ ਪਿਤਾ ਸ੍ਰੀ ਜੀਤ ਰਾਮ ਸ਼ਰਮਾ ਅਤੇ ਮਾਤਾ ਸਰਕਾਰੀ ਸਕੂਲ ਦੇ ਅਧਿਆਪਕ ਵਜੋਂ ਸੇਵਾਮੁਕਤ ਹੋ ਗਏ ਹਨ, ਜਦੋਂਕਿ ਮੇਰੀ ਪਤਨੀ ਅਜੇ ਵੀ ਇੱਕ ਸਰਕਾਰੀ ਸਕੂਲ ਵਿੱਚ ਪੜ੍ਹਾਉਂਦੀ ਹੈ। ਅਸੀਂ ਸਿੱਖਿਆ ਸ਼ਾਸਤਰੀਆਂ ਦੇ ਪਰਿਵਾਰ ਵਜੋਂ ਸ੍ਰੀ ਲਖਵੀਰ ਸਿੰਘ ਦੇ ਪਿੱਛੇ ਡਟ ਕੇ ਖੜ੍ਹੇ ਹਾਂ’।

ਪੁਲਿਸ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਘਟਨਾ ਦੇ ਮੁੱਖ ਆਰੋਪੀ ਖਿਲਾਫ ਐਫ.ਆਈ.ਆਰ. ਦਰਜ ਕਰ ਲਈ ਗਈ ਹੈ ਅਤੇ ਉਹ ਅਜੇ ਫਰਾਰ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਦੋਸ਼ੀ ਵਿਅਕਤੀ ਨੂੰ ਫੜਨ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਸਮਾਜ ਲਈ ਸਵੈ-ਪੜਚੋਲ ਕਰਨ ਦਾ ਵੀ ਸਮਾਂ ਹੈ। ਜੇ ਕਿਸੇ ਵੀ ਅਧਿਕਾਰੀ ਨਾਲ ਕੋਈ ਸ਼ਿਕਾਇਤ ਜਾਂ ਮੱਤਭੇਦ ਹੈ, ਉਸ ਨੂੰ ਹਲ ਕਰਨ ਦੇ ਤਰੀਕੇ ਵੀ ਹਨ, ਪਰ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿਚ ਲੈਣ ਦੀ ਆਗਿਆ ਨਹੀਂ ਹੈ, ਅਜਿਹਾ ਕਰਨ ਵਾਲੇ ਨਾਲ ਕਾਨੂੰਨ ਅਨੁਸਾਰ ਕਰੜੇ ਹੱਥੀਂ ਨਜਿੱਠਿਆ ਜਾਵੇਗਾ।

Facebook Comments

Trending

Copyright © 2020 Ludhiana Live Media - All Rights Reserved.