ਕਰੋਨਾਵਾਇਰਸ

ਲਗਭਗ 8 ਲੱਖ ਲੁਧਿਆਣਵੀਆਂ ਨੇ ਦੂਜੀ ਖੁਰਾਕ ਨਹੀਂ ਲਈ – ਨੋਡਲ ਅਫ਼ਸਰ ਟੀਕਾਕਰਨ ਡਾ.ਨਯਨ ਜੱਸਲ

Published

on

ਲੁਧਿਆਣਾ :  ਬਹੁ-ਗਿਣਤੀ ਵਸਨੀਕਾਂ ਨੂੰ ਕੋਵਿਡ-19 ਟੀਕਾਕਰਨ ਦਾ ਦੂਜੀ ਖੁਰਾਕ ਦੇਣ  ਦੇ ਮੰਤਵ ਨਾਲ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਆਪਕ ਰਣਨੀਤੀ ਘੜੀ ਗਈ ਹੈ ਜਿਸ ਦੇ ਤਹਿਤ ਜ਼ਿਲ੍ਹੇ ਵਿੱਚ 35 ਸਥਾਈ ਟੀਕਾਕਰਨ ਕੇਂਦਰ ਸਥਾਪਤ ਕੀਤੇ ਗਏ ਹਨ. ਇਸ ਤੋਂ ਇਲਾਵਾ ਉਪ ਮੰਡਲ ਮੈਜਿਸਟ੍ਰੇਟਾਂ ਨੂੰ ਕਾਲ ਸੈਂਟਰ ਸਥਾਪਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਜਿਸ ਰਾਹੀਂ ਉਹ ਅਜਿਹੇ ਵਿਅਕਤੀਆਂ ਨੂੰ ਬੁਲਾ ਕੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਟੀਕਾਕਰਨ ਕਰਵਾਉਣ ਲਈ ਪ੍ਰੇਰਿਤ ਕਰਨਗੇ।

ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜਗਰਾਉਂ)-ਕਮ-ਨੋਡਲ ਅਫ਼ਸਰ ਟੀਕਾਕਰਨ ਡਾ. ਨਯਨ ਜੱਸਲ ਨੇ ਦੱਸਿਆ ਕਿ ਕੁੱਲ 7,90,263 ਵਿਅਕਤੀਆਂ ਨੂੰ ਕੋਵਿਡ-19 ਦਾ ਦੂਜਾ ਟੀਕਾਕਰਨ ਪ੍ਰਾਪਤ ਕਰਨਾ ਬਾਕੀ ਹੈ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਲੋਕਾਂ ਦੇ ਦਿਲਾਂ ਵਿੱਚ ਕੋਵਿਡ-19 ਮਹਾਂਮਾਰੀ ਸਬੰਧੀ ਡਰ ਘੱਟ ਗਿਆ ਹੈ ਅਤੇ ਕਈ ਲੋਕਾਂ ਨੂੰ ਹੁਣ ਇਹ ਲੱਗਦਾ ਹੈ ਕਿ ਕੋਰੋਨਾ ਹੁਣ ਖ਼ਤਮ ਹੋ ਗਿਆ ਹੈ, ਜੋ ਕਿ ਸੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਹਰ ਕੋਈ ਨਵੇਂ ਵੇਰੀਐਂਟ ‘ਓਮੀਕਰੋਨ’ ਬਾਰੇ ਜਾਣੂੰ ਹੈ ਅਤੇ ਲੋਕਾਂ ਨੂੰ ਕੋਵਿਡ-19 ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ ਅਤੇ ਆਪਣੇ ਨਜ਼ਦੀਕੀ ਕੇਂਦਰ ਵਿੱਚ ਜਾ ਕੇ ਪੂਰੀ ਤਰ੍ਹਾਂ ਟੀਕਾਕਰਨ ਕਰਵਾਉਣਾ ਚਾਹੀਦਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਲੋਕਾਂ ਦੇ ਹਿੱਤ ਵਿੱਚ ਜ਼ਿਲ੍ਹੇ ਵਿੱਚ 35 ਸਥਾਈ ਟੀਕਾਕਰਨ ਕੇਂਦਰ ਸਥਾਪਿਤ ਕੀਤੇ ਗਏ ਹਨ, ਜਿੱਥੇ ਲੋਕ ਕਿਸੇ ਵੀ ਕੰਮ ਵਾਲੇ ਦਿਨ ਟੀਕਾਕਰਨ ਲਈ ਆ ਸਕਦੇ ਹਨ। ਡਾ. ਨਯਨ ਨੇ ਅੱਗੇ ਦੱਸਿਆ ਕਿ ਲੁਧਿਆਣਾ ਸ਼ਹਿਰ ਵਿੱਚ 3,36,979 ਲੋਕਾਂ ਨੂੰ ਕੋਵਿਡ 19 ਦਾ ਦੂਜਾ ਟੀਕਾ, ਸਮਰਾਲਾ ਵਿੱਚ 8,589, ਕੂੰਮ ਕਲਾਂ ਵਿੱਚ 97,305, ਜਗਰਾਉਂ ਵਿੱਚ 6259, ਹਠੂਰ ਵਿੱਚ 24585, ਮਾਛੀਵਾੜਾ ਵਿੱਚ 16685, ਮਾਛੀਵਾੜਾ, ਮਲੌਦ (ਡੇਹਲੋਂ) ‘ਚ 24278, ਪੱਖੋਵਾਲ ‘ਚ 29030, ਮੰਨੂਪੁਰ (ਖੰਨਾ) ‘ਚ 24278, ਪਾਇਲ ‘ਚ 27671, ਰਾਏਕੋਟ ‘ਚ 7024, ਸਾਹਨੇਵਾਲ ‘ਚ 88473, ਸਿੱਧਵਾਂ ਬੇਟ ‘ਚ 25109 ਅਤੇ ਸੁਧਾਰ ਖੇਤਰ ‘ਚ 48999 ਵਿਅਕਤੀਆਂ ਨੂੰ ਅਜੇ ਤੱਕ ਦੂਸਰੀ ਖੁਰਾਕ ਮਿਲਣੀ ਬਾਕੀ ਹੈ।

ਉਨ੍ਹਾਂ ਦੱਸਿਆ ਕਿ ਕੁਝ ਲੋਕਾਂ ਵਿੱਚ ਅਜੇ ਵੀ ਇਹ ਗਲਤ ਧਾਰਨਾ ਹੈ ਕਿ ਕੋਵਿਡ-19 ਟੀਕਾਕਰਨ ਸੁਰੱਖਿਅਤ ਨਹੀਂ ਹੈ ਅਤੇ ਇਸ ਲਈ ਉਹ ਅੱਗੇ ਨਹੀਂ ਆ ਰਹੇ ਹਨ। ਉਨ੍ਹਾਂ ਕਿਹਾ, ‘ਅਜਿਹੇ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੇਕਰ ਉਹ ਦੁਨੀਆ ਦੇ ਕਿਸੇ ਵੀ ਮੁਲਕ ਦੀ ਯਾਤਰਾ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਵੈਕਸੀਨ ਪਾਸਪੋਰਟ ਸਰਟੀਫਿਕੇਟ ਦੀ ਲੋੜ ਹੁੰਦੀ ਹੈ, ਜੋ ਕਿ ਉਨ੍ਹਾਂ ਨੂੰ ਉਦੋਂ ਹੀ ਮਿਲੇਗਾ ਜਦੋਂ ਉਹ ਪੂਰੀ ਤਰ੍ਹਾਂ ਟੀਕਾਕਰਨ ਕਰਵਾ ਲੈਣਗੇ’। ਉਨ੍ਹਾਂ ਅੱਗੇ ਕਿਹਾ ਕਿ ਪਾਕਿਸਤਾਨ ਵਿਖੇ ਸ੍ਰੀ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਦਰਸ਼ਨਾਂ ਲਈ ਵੀ ਦੋਵੇਂ ਖੁਰਾਕਾਂ ਦਾ ਲੱਗਿਆ ਹੋਣਾ ਲਾਜ਼ਮੀ ਹੈ।

ਵਧੀਕ ਡਿਪਟੀ ਕਮਿਸ਼ਨਰ (ਜਗਰਾਉਂ) ਵੱਲ ਅੱਜ ਖੁਦ ਅਜਿਹੇ 30-40 ਵਿਅਕਤੀਆਂ ਨੂੰ ਫੋਨ ਕੀਤੇ ਅਤੇ ਉਨ੍ਹਾਂ ਨੂੰ ਜਲਦ ਤੋਂ ਜਲਦ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਪ ਮੰਡਲ ਮੈਜਿਸਟ੍ਰੇਟਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪੋ-ਆਪਣੇ ਸਬ ਡਵੀਜ਼ਨਾਂ ਵਿੱਚ ਕਾਲ ਸੈਂਟਰ ਸਥਾਪਤ ਕਰਨ, ਜਿਸ ਰਾਹੀਂ ਉਹ ਅਜਿਹੇ ਵਿਅਕਤੀਆਂ ਨੂੰ ਬੁਲਾ ਕੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਟੀਕਾਕਰਨ ਕਰਵਾਉਣ ਲਈ ਪ੍ਰੇਰਿਤ ਕਰਨਗੇ।

Facebook Comments

Trending

Copyright © 2020 Ludhiana Live Media - All Rights Reserved.